ਰਾਹੁਲ ਗਾਂਧੀ ਪੁੱਜੇ ਲੱਦਾਖ, ਮੋਦੀ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ

ਰਾਹੁਲ ਗਾਂਧੀ ਪੁੱਜੇ ਲੱਦਾਖ, ਮੋਦੀ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ

ਕਾਂਗਰਸ ਨੇਤਾ ਰਾਹੁਲ ਗਾਂਧੀ 2 ਦਿਨਾਂ 'ਨਿੱਜੀ ਦੌਰੇ' 'ਤੇ ਸ਼ੁੱਕਰਵਾਰ ਨੂੰ ਲੱਦਾਖ ਪਹੁੰਚੇ ਅਤੇ ਪਾਰਟੀ ਸੰਸਦੀ ਦਲ ਦੇ ਮੁਖੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੀ ਅਗਲੇ ਦਿਨ ਸ਼ਨੀਵਾਰ ਨੂੰ ਇੱਥੇ ਪਹੁੰਚੇਗੀ। ਲੱਦਾਖ 'ਚ ਆਪਣੇ ਸੰਬੋਧਨ ਦੌਰਾਨ ਰਾਹੁਲ ਨੇ ਕਿਹਾ,''ਕੁਝ ਮਹੀਨੇ ਪਹਿਲਾਂ ਅਸੀਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਤੁਰੇ ਸੀ, ਇਸ ਨੂੰ 'ਭਾਰਤ ਜੋੜੋ ਯਾਤਰਾ' ਕਿਹਾ ਜਾਂਦਾ ਸੀ। ਇਸ ਦਾ ਮਕਸਦ ਦੇਸ਼ 'ਚ ਭਾਜਪਾ-ਆਰ.ਐੱਸ.ਐੱਸ. ਵਲੋਂ ਫੈਲਾਈ ਗਈ ਨਫ਼ਰਤ ਅਤੇ ਹਿੰਸਾ ਖ਼ਿਲਾਫ਼ ਖੜ੍ਹਾ ਹੋਣਾ ਸੀ। ਯਾਤਰਾ ਤੋਂ ਜੋ ਸੰਦੇਸ਼ ਨਿਕਲਿਆ ਉਹ ਸੀ- ''ਨਫ਼ਰਤ ਦੇ ਬਾਜ਼ਾਰ 'ਚ ਅਸੀਂ ਪਿਆਰ ਦੀ ਦੁਕਾਨ ਖੋਲ੍ਹਣ ਨਿਕਲੇ ਹਾਂ।''

               Image

ਰਾਹੁਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੈਨੂੰ ਖ਼ੁਦ ਇਹ ਦੇਖਣ ਨੂੰ ਮਿਲਿਆ। ਯਾਤਰਾ ਦੇ ਸਮੇਂ ਮੈਂ ਲੱਦਾਖ ਨਹੀਂ ਜਾ ਸਕਿਆ। ਸਰਦੀਆਂ 'ਚ ਬਰਫ਼ ਡਿੱਗਣਾ। ਲੱਦਾਖ 'ਚ ਯਾਤਰਾ ਕਰਨਾ ਮੇਰੇ ਦਿਲ 'ਚ ਸੀ ਅਤੇ ਇਸ ਵਾਰ ਮੈਂ ਇੱਥੇ ਮੋਟਰਸਾਈਕਲ ਚਲਾ ਕੇ ਆਪਣੇ ਸੁਫ਼ਨੇ ਨੂੰ ਪੂਰਾ ਕੀਤਾ। ਲੱਦਾਖ ਦੇ ਕਾਰਗਿਲ 'ਚ ਰਾਹੁਲ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਹੱਦ ਦਾ ਮੁੱਦਾ ਚੁਕਦਿਆਂ ਸ਼ੁਕਰਵਾਰ ਨੂੰ ਕਿਹਾ ਕਿ ਲੱਦਾਖ ’ਚ ਹਰ ਵਿਅਕਤੀ ਜਾਣਦਾ ਹੈ ਕਿ ਚੀਨ ਨੇ ‘ਸਾਡੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ’ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਗੱਲ ’ਤੇ ਜ਼ੋਰ ਦੇਣਾ ਕਿ ਇਕ ਇੰਚ ਜ਼ਮੀਨ ਵੀ ਨਹੀਂ ਗਈ, ‘ਬਿਲਕੁਲ ਗ਼ਲਤ’ ਹੈ। 

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਇਹ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਬੁਧਵਾਰ ਨੂੰ ਜੋਹਾਨਸਨਬਰਗ ’ਚ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦਖਣੀ ਅਫ਼ਰੀਕਾ) ਸ਼ਿਖਰ ਸੰਮੇਲਨ ਮੌਕੇ ਗੱਲਬਾਤ ਹੋਈ। ਇਹ ਗੱਲਬਾਤ ਪਹਿਲਾਂ ਤੋਂ ਤੈਅ ਰਸਮੀ ਦੁਵੱਲੀ ਬੈਠਕ ਨਹੀਂ ਸੀ, ਬਲਕਿ ਗ਼ੈਰਰਸਮੀ ਸੀ।

ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਅਪਣੇ ਮੋਟਰਸਾਈਕਲ ’ਤੇ ਪਿਛਲੇ ਹਫਤੇ ਪੂਰੇ ਲੱਦਾਖ ਦਾ ਦੌਰਾ ਕੀਤਾ... ਲੱਦਾਖ ਇਕ ਰਣਨੀਤਕ ਸਥਾਨ ਹੈ ਅਤੇ ਜਦੋਂ ਮੈਂ ਪੈਂਗੌਂਗ ਝੀਲ ਖੇਤਰ ’ਚ ਸੀ, ਇਹ ਸਪੱਸ਼ਟ ਸੀ ਕਿ ਚੀਨ ਨੇ ਹਜ਼ਾਰਾਂ ਕਿਲੋਮੀਟਰ ਭਾਰਤੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਬਦਕਿਸਮਤੀ ਨਾਲ, ਪ੍ਰਧਾਨ ਮੰਤਰੀ ਮੀਟਿੰਗ ਦੌਰਾਨ ਬਿਆਨ ਦਿੰਦੇ ਹਨ ਕਿ ਸਾਡੀ ਜ਼ਮੀਨ ਦਾ ਇਕ ਇੰਚ ਵੀ ਨਹੀਂ ਖੋਹਿਆ ਗਿਆ, ਜੋ ਕਿ ਬਿਲਕੁਲ ਝੂਠ ਹੈ।’’

ਉਨ੍ਹਾਂ ਦੋਸ਼ ਲਾਇਆ ਕਿ ਲੱਦਾਖ ਦਾ ਹਰ ਵਿਅਕਤੀ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਖੋਹ ਲਈ ਹੈ ਅਤੇ ਪ੍ਰਧਾਨ ਮੰਤਰੀ ਸੱਚ ਨਹੀਂ ਬੋਲ ਰਹੇ ਹਨ। ਇਹ ਦੂਜੀ ਵਾਰ ਹੈ ਜਦੋਂ ਕਾਂਗਰਸ ਨੇਤਾ ਗਾਂਧੀ ਨੇ ਲੱਦਾਖ ਦੀ ਅਪਣੀ ਯਾਤਰਾ ਦੌਰਾਨ ਚੀਨ ਸਰਹੱਦ ਦਾ ਮੁੱਦਾ ਉਠਾਇਆ ਹੈ। ਪਿਛਲੇ ਐਤਵਾਰ, ਗਾਂਧੀ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਕਿ ਚੀਨ ਨੇ ਲੱਦਾਖ ਦੀ ਇਕ ਇੰਚ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕੀਤਾ ਹੈ, ਸੱਚ ਨਹੀਂ ਹੈ।

ਮਈ, 2020 ’ਚ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਸੀ। ਪੂਰਬੀ ਲੱਦਾਖ ’ਚ ਕੁਝ ਥਾਵਾਂ ’ਤੇ ਰੇੜਕਾ ਕਾਇਮ ਹੈ, ਭਾਵੇਂ ਕਿ ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ’ਚੋਂ ਫ਼ੌਜੀਆਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਹੈ।

ਰੈਲੀ ਦੌਰਾਨ, ਗਾਂਧੀ ਨੇ ਲੇਹ ਸਥਿਤ ਸਿਖਰਲੀ ਸੰਸਥਾ ਅਤੇ ਕਾਰਗਿਲ ਡੈਮੋਕਰੇਟਿਕ ਅਲਾਇੰਸ (ਕੇ.ਡੀ.ਏ.) ਨੂੰ ਵੀ ਸਮਰਥਨ ਦਿਤਾ, ਜੋ ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਤਹਿਤ ਪੂਰਨ ਰਾਜ ਦਾ ਦਰਜਾ ਅਤੇ ਸੁਰੱਖਿਆ ਉਪਾਵਾਂ ਲਈ ਲੜ ਰਹੇ ਹਨ।

ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰੋਤ-ਅਮੀਰ ਜ਼ਮੀਨ ਅਪਣੇ ਕਾਰਪੋਰੇਟ ਮਿੱਤਰ ਨੂੰ ਸੌਂਪਣ ਦੀ ਇਜਾਜ਼ਤ ਨਹੀਂ ਦੇਵੇਗੀ।

ਕਾਂਗਰਸ ਨੇਤਾ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਰਾਜਨੀਤਿਕ ਪ੍ਰਤੀਨਿਧਤਾ, ਜ਼ਮੀਨ, ਸਭਿਆਚਾਰ ਅਤੇ ਭਾਸ਼ਾ ਦੀ ਸੁਰੱਖਿਆ, ਬੇਰੁਜ਼ਗਾਰੀ, ਕਾਰਗਿਲ ਹਵਾਈ ਅੱਡੇ ਦੇ ਕੰਮ ਨਾ ਕਰਨ ਅਤੇ ਮੋਬਾਈਲ ਫੋਨ ਕਵਰੇਜ ਦੀ ਸਮੱਸਿਆ ਬਾਰੇ ਦੱਸਿਆ।

ਗਾਂਧੀ ਨੇ ਸੰਕਟ ਅਤੇ ਜੰਗ ਦੇ ਸਮੇਂ ਦੇਸ਼ ਦੇ ਨਾਲ ਹਮੇਸ਼ਾ ਖੜ੍ਹੇ ਰਹਿਣ ਲਈ ਕਾਰਗਿਲ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ, ‘‘ਦੇਸ਼ ਦੇ ਸਾਰੇ ਲੋਕ, ਭਾਵੇਂ ਉਨ੍ਹਾਂ ਦਾ ਧਰਮ, ਭਾਸ਼ਾ ਅਤੇ ਸਭਿਆਚਾਰ ਕੋਈ ਵੀ ਹੋਵੇ, ਸਾਡੇ ਲਈ ਬਰਾਬਰ ਹਨ ਅਤੇ ਅਸੀਂ ਸਾਰੇ ਪਿਆਰ ਅਤੇ ਮਾਣ ਨਾਲ ਰਹਿਣਾ ਚਾਹੁੰਦੇ ਹਾਂ।’’

ਅਪਣੇ 15 ਮਿੰਟਾਂ ਦੇ ਭਾਸ਼ਣ ’ਚ ਰਾਹੁਲ ਗਾਂਧੀ ਨੇ ਲੱਦਾਖ ਨੂੰ ਦੇਸ਼ ਦਾ ਸਭ ਤੋਂ ਖੂਬਸੂਰਤ ਖੇਤਰ ਦਸਿਆ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਗਲੇ ਸੰਸਦ ਸੈਸ਼ਨ ਦੌਰਾਨ ਉਨ੍ਹਾਂ ਦੇ ਸਥਾਨਕ ਅਤੇ ਕੇਂਦਰੀ ਮੁੱਦਿਆਂ ਨੂੰ ਉਠਾਉਣਗੇ।