ਧਾਰਮਿਕ ਚਿੰਨ੍ਹ ਪਹਿਨਣ ''ਤੇ ਕੈਨੇਡੀਅਨ ਸੂਬੇ ''ਚ ਸਖ਼ਤੀ, 150 ਮੁਲਾਜ਼ਮ ਹੋਏ ਬਰਖਾਸਤ, ਸਿੱਖ ਭਾਈਚਾਰਾ ਵੀ ਪ੍ਰਭਾਵਿਤ

ਧਾਰਮਿਕ ਚਿੰਨ੍ਹ ਪਹਿਨਣ ''ਤੇ ਕੈਨੇਡੀਅਨ ਸੂਬੇ ''ਚ ਸਖ਼ਤੀ, 150 ਮੁਲਾਜ਼ਮ ਹੋਏ ਬਰਖਾਸਤ, ਸਿੱਖ ਭਾਈਚਾਰਾ ਵੀ ਪ੍ਰਭਾਵਿਤ

ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਕਿਊਬਿਕ ਵਿੱਚ ਧਾਰਮਿਕ ਚਿੰਨ੍ਹ ਪਹਿਨਣ 'ਤੇ ਲਗਾਈ ਗਈ ਪਾਬੰਦੀ ਕਾਰਨ ਵੱਡੀ ਗਿਣਤੀ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਾਂਟਰੀਅਲ ਦੇ ਸਕੂਲ ਬੋਰਡ 'ਸੈਂਟਰ ਡੇ ਸਰਵਿਸਿਜ਼ ਡੇ ਮਾਂਟਰੀਅਲ' ਵੱਲੋਂ ਲਗਭਗ 150 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਡਿਊਟੀ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਉਤਾਰਨ ਦੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਕਾਨੂੰਨ ਦੀ ਮਾਰ ਸਿੱਖ ਭਾਈਚਾਰੇ 'ਤੇ ਵੀ ਪੈ ਰਹੀ ਹੈ। ਪਾਬੰਦੀਸ਼ੁਦਾ ਚਿੰਨ੍ਹਾਂ ਵਿੱਚ ਸਿੱਖਾਂ ਦੀ ਦਸਤਾਰ ਅਤੇ ਬਸਤਰਾਂ ਤੋਂ ਬਾਹਰੀ ਕਕਾਰ ਜਿਵੇਂ ਕਿ ਕਿਰਪਾਨ ਅਤੇ ਕੜਾ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਸਲਮਾਨਾਂ ਦਾ ਹਿਜਾਬ ਤੇ ਬੁਰਕਾ, ਇਸਾਈ ਮੱਤ ਦਾ ਕਰਾਸ ਅਤੇ ਯਹੂਦੀਆਂ ਦੀ ਕਿੱਪਾ ਪਹਿਨਣ 'ਤੇ ਵੀ ਰੋਕ ਹੈ। ਇਹ ਕਾਨੂੰਨ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਸਹਾਇਕ ਸਟਾਫ਼ ਮੈਂਬਰਾਂ 'ਤੇ ਇਕਸਾਰ ਲਾਗੂ ਹੈ।

ਕਿਊਬਿਕ ਸਰਕਾਰ ਨੇ 2019 ਵਿੱਚ ਵਿਵਾਦਤ ਬਿੱਲ 21 ਅਤੇ 94 ਪਾਸ ਕਰਕੇ ਇਹ ਕਾਨੂੰਨ ਬਣਾਇਆ ਸੀ। ਸਰਕਾਰ ਦਾ ਮਕਸਦ ਧਰਮ ਨੂੰ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਰੱਖਣਾ ਅਤੇ ਸਰਕਾਰੀ ਅਦਾਰਿਆਂ ਵਿੱਚ ਇਸ ਦਾ ਪ੍ਰਭਾਵ ਖਤਮ ਕਰਨਾ ਹੈ। ਸਿੱਖਿਆ ਮੰਤਰਾਲੇ ਦੇ ਬੁਲਾਰੇ ਅਨੁਸਾਰ ਜੇਕਰ ਮੁਲਾਜ਼ਮ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ, ਤਾਂ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ ਅਤੇ ਉਨ੍ਹਾਂ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ। ਧਾਰਮਿਕ ਆਜ਼ਾਦੀ 'ਤੇ ਲੱਗੀ ਇਸ ਸੱਟ ਕਾਰਨ ਕਈ ਮੁਲਾਜ਼ਮ ਹਾਲਾਤ ਨਾਲ ਸਮਝੌਤਾ ਕਰਨ ਲਈ ਮਜਬੂਰ ਹਨ, ਜਦਕਿ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰਾਂ ਸਮੇਤ ਕਿਊਬਿਕ ਛੱਡ ਕੇ ਕੈਨੇਡਾ ਦੇ ਦੂਜੇ ਪ੍ਰਾਂਤਾਂ ਵਿੱਚ ਜਾ ਰਹੇ ਹਨ। ਦੱਸਣਯੋਗ ਹੈ ਕਿ ਅਜਿਹਾ ਕਾਨੂੰਨ ਕੈਨੇਡਾ ਦੇ ਕਿਸੇ ਹੋਰ ਸੂਬੇ ਵਿੱਚ ਲਾਗੂ ਨਹੀਂ ਹੈ।