ਫ਼ਾਜ਼ਿਲਕਾ ''ਚ ਕਿਸਾਨਾਂ ਦੇ ਧਰਨੇ ਦੌਰਾਨ ਹੋਇਆ ਹੰਗਾਮਾ

ਫ਼ਾਜ਼ਿਲਕਾ ''ਚ ਕਿਸਾਨਾਂ ਦੇ ਧਰਨੇ ਦੌਰਾਨ ਹੋਇਆ ਹੰਗਾਮਾ

ਫ਼ਾਜ਼ਿਲਕਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲੈਂਡਮਾਰਕ ਬੈਂਕ ਦੇ ਬਾਹਰ ਪਿਛਲੇ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਕਿਸਾਨਾਂ ਵੱਲੋਂ ਅਚਾਨਕ ਫ਼ਾਜ਼ਿਲਕਾ-ਅਬੋਹਰ ਹਾਈਵੇਅ ਜਾਮ ਕਰ ਦਿੱਤਾ ਗਿਆ। ਹਾਈਵੇਅ ਜਾਮ ਹੋਣ ਕਾਰਨ ਉਥੋਂ ਲੰਘ ਰਹੇ ਇੱਕ ਕਾਰ ਚਾਲਕ ਅਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਗਾਲੀ-ਗਲੋਚ ਅਤੇ ਹੱਥੋਪਾਈ ਤੱਕ ਪਹੁੰਚਣ ਲੱਗਾ ਪਰ ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਅਤੇ ਕਿਸਾਨ ਆਗੂਆਂ ਨੇ ਵਿਚ-ਬਚਾਅ ਕਰਕੇ ਸਥਿਤੀ ਨੂੰ ਸ਼ਾਂਤ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਬੈਂਕ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲੈਂਡਮਾਰਕ ਬੈਂਕ ਦੇ ਬਾਹਰ ਪੱਕਾ ਧਰਨਾ ਲਗਾਇਆ ਹੋਇਆ ਹੈ।

ਇਹ ਪ੍ਰਦਰਸ਼ਨ ਪੰਜਾਬ ਕਮੇਟੀ ਦੇ ਸੱਦੇ 'ਤੇ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਲੈਂਡਮਾਰਕ ਬੈਂਕਾਂ ਦੇ ਬਾਹਰ ਚੱਲ ਰਹੇ ਵੱਡੇ ਸੰਘਰਸ਼ ਦਾ ਹਿੱਸਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਉਹ ਬੈਂਕ ਦੀਆਂ ਮਾਰੂ ਨੀਤੀਆਂ ਤੋਂ ਬੇਹੱਦ ਪਰੇਸ਼ਾਨ ਹਨ। ਇਸੇ ਸੰਘਰਸ਼ ਦੀ ਲੜੀ ਤਹਿਤ ਜਦੋਂ ਕਿਸਾਨਾਂ ਨੇ ਅਚਾਨਕ ਫ਼ਾਜ਼ਿਲਕਾ-ਅਬੋਹਰ ਹਾਈਵੇਅ 'ਤੇ ਜਾਮ ਲਗਾਇਆ ਤਾਂ ਉੱਥੋਂ ਲੰਘ ਰਹੀ ਇੱਕ ਕਾਰ ਵਿੱਚ ਸਵਾਰ ਦੋ ਵਿਅਕਤੀ ਉੱਥੇ ਰੁਕ ਗਏ। ਕਾਰ ਚਾਲਕ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਅਚਾਨਕ ਉਸ ਦੀ ਕਾਰ ਨੂੰ ਰਸਤੇ ਵਿੱਚ ਰੋਕ ਲਿਆ। ਉਸ ਨੇ ਦੱਸਿਆ ਕਿ ਨੇੜੇ ਹੀ ਉਸ ਦਾ ਰੈਸਟੋਰੈਂਟ ਹੈ ਅਤੇ ਉਹ ਉੱਥੇ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਲੰਘਣ ਲਈ ਰਸਤਾ ਮੰਗਿਆ ਸੀ।

ਕਾਰ ਚਾਲਕ ਦਾ ਦੋਸ਼ ਹੈ ਕਿ ਇਸੇ ਗੱਲ ਨੂੰ ਲੈ ਕੇ ਇੱਕ ਕਿਸਾਨ ਆਗੂ ਨਾਲ ਉਸ ਦੀ ਬਹਿਸ ਹੋ ਗਈ ਅਤੇ ਕਥਿਤ ਗਾਲੀ-ਗਲੋਚ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਜਾ ਪਹੁੰਚਿਆ। ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂ ਪ੍ਰਗਟ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਨੂੰ ਉੱਪਰਲੇ ਪਾਸਿਓਂ ਰਸਤਾ ਕੱਢ ਕੇ ਜਾਣ ਲਈ ਕਿਹਾ ਗਿਆ ਸੀ ਪਰ ਉਹ ਧਰਨਾ ਹਟਾਉਣ ਦੀ ਜ਼ਿੱਦ 'ਤੇ ਅੜਿਆ ਹੋਇਆ ਸੀ। ਇਸੇ ਜ਼ਿੱਦ ਕਾਰਨ ਇਹ ਸਾਰਾ ਵਿਵਾਦ ਖੜ੍ਹਾ ਹੋਇਆ। ਘਟਨਾ ਦੇ ਸਮੇਂ ਮੌਜੂਦ ਸਥਾਨਕ ਲੋਕਾਂ ਅਤੇ ਸੂਝਵਾਨ ਕਿਸਾਨ ਆਗੂਆਂ ਦੇ ਦਖ਼ਲ ਤੋਂ ਬਾਅਦ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਗਿਆ ਅਤੇ ਫ਼ਿਲਹਾਲ ਮਾਮਲਾ ਸੁਲਝਾ ਲਿਆ ਗਿਆ ਹੈ ਤੇ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਇਸ ਦੌਰਾਨ ਮੌਕੇ 'ਤੇ ਮੌਜੂਦ ਕਿਸੇ ਵਿਅਕਤੀ ਵੱਲੋਂ ਇਸ ਸਾਰੇ ਵਿਵਾਦ ਦੀ ਵੀਡੀਓ ਬਣਾ ਲਈ ਗਈ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।