- Updated: June 01, 2024 08:50 PM
ਅੱਜ ਆਥਣ ਵੇਲੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਤ ਦੀ ਅਫਵਾਹ ਫੈਲਾ ਦਿੱਤੀ ਗਈ ਸੀ, ਜੋ ਨਾ ਸਿਰਫ ਪੰਜਾਬ, ਬਲਕਿ ਦਿੱਲੀ ਸਮੇਤ ਹੋਰਨਾ ਸੂਬਿਆਂ 'ਚ ਵੀ ਜੰਗਲ ਦੀ ਅੱਗ ਵਾਂਗ ਫੈਲ ਗਈ।ਇਥੋਂ ਤੱਕ ਕਿ ਕਈਆਂ ਵੱਲੋਂ ਤਾਂ ਸੋਸ਼ਲ ਮੀਡੀਆ 'ਤੇ ਵੀ ਕੈਪਟਨ ਦੀ ਫੋਟੋ ਦੇ ਥੱਲੇ ਇਹ ਲਿਖ ਕੇ ਅਪਲੋਡ ਕਰ ਦਿੱਤਾ ਗਿਆ ਕਿ 'ਕੈਪਟਨ ਅਮਰਿੰਦਰ ਸਿੰਘ ਨਹੀਂ ਰਹੇ'।
ਇਸ ਗੱਲ ਨੂੰ ਅਫਵਾਹ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਇਹ ਸਭ ਝੂਠ ਹੈ। ਅਜਿਹੀ ਕੋਈ ਗੱਲ ਨਹੀਂ ਤੇ ਉਹ ਠੀਕ-ਠਾਕ ਹਨ। ਪਰੰਤੂ ਪੇਟ ਦੀ ਇਨਫੈਕਸ਼ਨ ਕਾਰਨ ਡਾਕਟਰਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਿਸ ਕਰ ਕੇ ਹੀ ਉਹ ਪਟਿਆਲਾ ਵਿਖੇ ਆਪਣੀ ਧਰਮ ਪਤਨੀ ਤੇ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਵੋਟ ਪਾਉਣ ਵੀ ਨਹੀਂ ਆ ਸਕੇ।

ਉਂਝ ਉਨ੍ਹਾਂ ਦੀ ਪਟਿਆਲਾ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲਸ ਵਿਖੇ ਮਹਿਲ ਦੇ ਬੁਲਾਰੇ ਏਕਜੋਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਫੈਲਾਈ ਗਈ ਇਸ ਗੱਲ ਨੂੰ ਕੋਰੀ ਅਫਵਾਹ ਕਰਾਰ ਦਿੱਤਾ।