ਸੁਰੱਖਿਆ ਵਧੀ ਸਲਮਾਨ ਖ਼ਾਨ ਦੀ , ਗਲੈਕਸੀ ’ਤੇ ਪੁਲਸ ਦਾ ਪਹਿਰਾ। 

ਸੁਰੱਖਿਆ ਵਧੀ ਸਲਮਾਨ ਖ਼ਾਨ ਦੀ , ਗਲੈਕਸੀ ’ਤੇ ਪੁਲਸ ਦਾ ਪਹਿਰਾ। 

ਬਾਲੀਵੁੱਡ ਦੇ ‘ਦਬੰਗ’ ਸਲਮਾਨ ਖ਼ਾਨ ਦੀ ਜਾਨ ’ਤੇ ਮੰਡਰਾ ਰਿਹਾ ਖ਼ਤਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਲਮਾਨ ਨੂੰ ਗੈਂਗਸਟਰ ਗੋਲਡੀ ਬਰਾੜ ਨੇ ਧਮਕੀ ਦਿੱਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਰਾਤ ਭਰ ਮੁੰਬਈ ਪੁਲਸ ਦੇ ਜਵਾਨ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਘਰ ਗਲੈਕਸੀ ਦੇ ਬਾਹਰ ਗਸ਼ਤ ਕਰਦੇ ਨਜ਼ਰ ਆਏ। ਪੁਲਸ ਪੂਰੀ ਕਾਰਵਾਈ ’ਚ ਹੈ। ਉਹ ਗਲੈਕਸੀ ਦੇ ਬਾਹਰ ਭੀੜ ਨੂੰ ਇਕੱਠਾ ਨਹੀਂ ਹੋਣ ਦੇ ਰਹੇ ਹਨ।

18 ਮਾਰਚ ਨੂੰ ਸਲਮਾਨ ਦੇ ਮੈਨੇਜਰ ਪ੍ਰਸ਼ਾਂਤ ਗੁੰਜਾਲਕਰ ਨੂੰ ਧਮਕੀ ਭਰਿਆ ਈ-ਮੇਲ ਭੇਜਿਆ ਗਿਆ ਸੀ, ਜਿਸ ’ਚ ਸਲਮਾਨ ਖ਼ਾਨ ਨਾਲ ‘ਗੱਲਬਾਤ’ ਕਰਨ ਦੀ ਮੰਗ ਕੀਤੀ ਗਈ ਹੈ। ਇਹ ਮੇਲ ਰੋਹਿਤ ਗਰਗ ਦੇ ਨਾਂ ’ਤੇ ਮਿਲੀ ਹੈ। ਈ-ਮੇਲ ’ਚ ਲਿਖਿਆ ਸੀ, ‘‘ਗੋਲਡੀ ਬਰਾੜ ਨੂੰ ਆਪਣੇ ਬੌਸ ਯਾਨੀ ਸਲਮਾਨ ਖ਼ਾਨ ਨਾਲ ਗੱਲ ਕਰਨੀ ਹੈ। ਹੋ ਸਕਦਾ ਹੈ ਉਸ ਨੇ ਇੰਟਰਵਿਊ ਦੇਖੀ ਹੋਵੇ, ਜੇਕਰ ਤੁਸੀਂ ਨਹੀਂ ਦੇਖੀ ਤਾਂ ਉਸ ਨੂੰ ਦੇਖਣ ਲਈ ਕਹੋ। ਜੇ ਗੱਲ ਬੰਦ ਕਰਨੀ ਹੈ ਤਾਂ ਗੱਲ ਕਰਵਾ ਦਿਓ, ਆਹਮੋ-ਸਾਹਮਣੇ ਕਰਨਾ ਹੈ ਤਾਂ ਉਹ ਵੀ ਦੱਸ ਦਿਓ, ਮੈਂ ਤੁਹਾਨੂੰ ਸਮੇਂ ਸਿਰ ਦੱਸ ਦਿੱਤਾ ਹੈ, ਅਗਲੀ ਵਾਰ ਝਟਕਾ ਦੇਖਣ ਨੂੰ ਮਿਲੇਗਾ।’’

                                                Image

ਈ-ਮੇਲ ਮਿਲਣ ਤੋਂ ਬਾਅਦ ਸਲਮਾਨ ਖ਼ਾਨ ਦੇ ਮੈਨੇਜਰ ਨੇ ਮੁੰਬਈ ਦੇ ਬਾਂਦਰਾ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਗੰਭੀਰਤਾ ਤੇ ਸਲਮਾਨ ਖ਼ਾਨ ਦੀ ਸੁਰੱਖਿਆ ਨੂੰ ਦੇਖਦਿਆਂ ਬਾਂਦਰਾ ਪੁਲਸ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਰੋਹਿਤ ਬਰਾੜ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 506 (2), 120 (ਬੀ), 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਨੂੰ ਅਜਿਹੀ ਧਮਕੀ ਮਿਲੀ ਹੈ। ਹਾਲ ਹੀ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਅਦਾਕਾਰ ਨੂੰ ਜੇਲ ਤੋਂ ਧਮਕੀ ਦਿੱਤੀ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਲਾਰੈਂਸ ਨੇ ਸਲਮਾਨ ਨੂੰ 1998 ਦੇ ਕਾਲੇ ਹਿਰਨ ਮਾਮਲੇ ’ਚ ਮੁਆਫ਼ੀ ਮੰਗਣ ਲਈ ਕਿਹਾ ਸੀ, ਨਹੀਂ ਤਾਂ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਬਿਸ਼ਨੋਈ ਨੇ ਮੰਗ ਕੀਤੀ ਕਿ ਸਲਮਾਨ ਭਾਈਚਾਰੇ ਤੋਂ ਮੁਆਫ਼ੀ ਮੰਗਣ। ਗੈਂਗਸਟਰ ਨੇ ਕਿਹਾ, ‘‘ਕਾਲੇ ਹਿਰਨ ਦੇ ਮਾਮਲੇ ’ਤੇ ਮੈਂ ਬਚਪਨ ਤੋਂ ਹੀ ਸਲਮਾਨ ਤੋਂ ਨਾਰਾਜ਼ ਰਿਹਾ ਹਾਂ। ਉਨ੍ਹਾਂ ਨੇ ਮੇਰੇ ਭਾਈਚਾਰੇ ਦੇ ਮੈਂਬਰਾਂ ਨੂੰ ਪੈਸੇ ਦੀ ਪੇਸ਼ਕਸ਼ ਵੀ ਕੀਤੀ।’’