ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਮਗਰੋਂ ਜੇਲ੍ਹਾਂ ‘ਚ ਤਲਾਸ਼ੀ, ਕਈ ਮੋਬਾਇਲ ‘ਤੇ ਪਾਬੰਦੀਸ਼ੁਦਾ ਵਸਤੂ ਬਰਾਮਦ

ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਮਗਰੋਂ ਜੇਲ੍ਹਾਂ ‘ਚ ਤਲਾਸ਼ੀ, ਕਈ ਮੋਬਾਇਲ ‘ਤੇ ਪਾਬੰਦੀਸ਼ੁਦਾ ਵਸਤੂ ਬਰਾਮਦ

ਪੰਜਾਬ ਦੇ ਬਠਿੰਡਾ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸ਼ੁੱਕਰਵਾਰ ਨੂੰ ਇਕ ਹੋਰ ਇੰਟਰਵਿਊ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ 18 ਮੋਬਾਈਲ ਅਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਸ਼ਨੀਵਾਰ ਨੂੰ 11 ਮੋਬਾਈਲ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਕਈ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ 18 ਮੋਬਾਈਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋਈਆਂ ਹਨ। ਜੇਲ੍ਹ ਪ੍ਰਸ਼ਾਸਨ ਦੀ ਤਲਾਸ਼ੀ ਦੌਰਾਨ 8 ਸਿਮ, 9 ਹੈੱਡਫੋਨ, 10 ਚਾਰਜਰ, ਡਾਟਾ ਕੇਬਲ, ਬੀੜੀ, ਜ਼ਰਦਾ ਅਤੇ ਹੀਟਰ ਸਪਰਿੰਗ ਬਰਾਮਦ ਹੋਏ ਹਨ। ਲਾਕ-ਅੱਪ ‘ਚੋਂ 2 ਫੋਨ ਬਰਾਮਦ ਹੋਏ ਜਦਕਿ 16 ਫੋਨਾਂ ਸਮੇਤ ਬਾਕੀ ਸਾਮਾਨ ਲਾਵਾਰਿਸ ਹਾਲਤ ‘ਚ ਬਰਾਮਦ ਕੀਤਾ ਗਿਆ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਦੋ ਬੰਦਿਆਂ ਸਮੇਤ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਫਿਰੋਜ਼ਪੁਰ ਜੇਲ੍ਹ ਵਿੱਚੋਂ ਅਧਿਕਾਰੀਆਂ ਨੇ ਬੈਰਕ ਦੇ ਅੰਦਰ ਬਣੇ ਖੰਭੇ ਤੋਂ 3 ਮੋਬਾਈਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ NSJD ਮਸ਼ੀਨ ਰਾਹੀਂ ਛੇ ਮੋਬਾਈਲ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਬੈਰਕ ਨੰਬਰ 11 ‘ਤੇ ਛਾਪਾ ਮਾਰ ਕੇ ਹਵਾਲਾਤੀ ਕਰਨ ਤੋਂ ਇੱਕ ਮੋਬਾਈਲ ਅਤੇ ਨਜ਼ਰਬੰਦ ਰਮੇਸ਼ ਕੋਲੋਂ ਇੱਕ ਮੋਬਾਈਲ ਬਰਾਮਦ ਕੀਤਾ ਹੈ। ਥਾਣਾ ਸਿਟੀ ਪੁਲਿਸ ਨੇ ਜੇਲ੍ਹ ਵਿੱਚੋਂ ਬਰਾਮਦ ਹੋਏ 11 ਮੋਬਾਈਲਾਂ ਨੂੰ ਕਬਜ਼ੇ ਵਿੱਚ ਲੈ ਕੇ ਦੋ ਕੈਦੀਆਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।