ਮਜੀਠੀਆ ਦੇ ਆਉਣ ਨਾਲ ਮਾਨ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ: ਕਮਲਜੀਤ ਸਿੰਘ ਕੁਲਾਰ

ਮਜੀਠੀਆ ਦੇ ਆਉਣ ਨਾਲ ਮਾਨ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ: ਕਮਲਜੀਤ ਸਿੰਘ ਕੁਲਾਰ

ਪੰਜਾਬ ਦੇ ਨਿਧੜਕ ਨੌਜਵਾਨ ਲੀਡਰ, ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਨਾਲ ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਜਿਸ ਨਾਲ ਆਮ ਆਦਮੀ ਪਾਰਟੀ ਵਿੱਚ ਉਥਲ-ਪੁਥਲ ਸ਼ੁਰੂ ਹੋ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਉੜਮੁੜ ਟਾਂਡਾ ਦੇ ਸੀਨੀਅਰ ਯੂਥ ਅਕਾਲੀ ਦਲ ਦੇ ਨੌਜਵਾਨ ਲੀਡਰ ਕਮਲਜੀਤ ਸਿੰਘ ਕੁਲਾਰ ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ 'ਤੇ ਝੂਠਾ ਨਾਜਾਇਜ਼ ਕੇਸ ਬਣਾ ਕੇ ਜੇਲ੍ਹ ਵਿੱਚ ਡੱਕਿਆ ਪਰ ਭਗਵੰਤ ਮਾਨ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਮੂੰਹ ਦੀ ਖਾਣੀ ਪਈ। ਸਰਕਾਰਾਂ ਆਉਂਦੀਆਂ ਅਤੇ ਜਾਂਦੀਆਂ ਰਹਿੰਦੀਆਂ ਹਨ। ਜਦੋਂ ਸਰਕਾਰਾਂ ਬਦਲਾਖੋਰੀ ਦੀ ਰਾਜਨੀਤੀ ਕਰਨ ਲੱਗ ਜਾ,  ਉਦੋਂ ਲੋਕਤੰਤਰ ਦੀਆਂ ਧੱਜੀਆਂ ਉੱਡ ਜਾਂਦੀਆਂ ਹਨ ਅਤੇ ਨੁਕਸਾਨ ਜਨਤਾ ਤੇ ਸਟੇਟ ਦਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਬੇਬਾਕੀ ਨਾਲ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ, ਲੋਕਾਂ ਦੇ ਮਸਲੇ ਉਠਾਉਣੇ ਅਤੇ ਸਰਕਾਰ ਦੀਆਂ ਨਾਲਾਇਕੀਆਂ ਲੋਕਾਂ ਸਾਹਮਣੇ ਰੱਖਣੀਆਂ, ਇਹ ਸਭ ਭਗਵੰਤ ਸਰਕਾਰ ਤੋਂ ਬਰਦਾਸ਼ਤ ਨਹੀ ਹੋਇਆ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਪੰਜਾਬ ਦਾ ਸਮੁੱਚਾ ਨੌਜਵਾਨ ਵਰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 'ਚ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗਾ ਅਤੇ ਸੁਖਬੀਰ ਸਿੰਘ ਬਾਦਲ ਨੂੰ ਕੋਈ ਵੀ ਤਾਕਤ ਮੁੱਖ ਮੰਤਰੀ ਬਣਨ ਤੋਂ ਰੋਕ ਨਹੀਂ ਸਕੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਦਿਨੋਂ-ਦਿਨ ਲਹਿਰ ਬਣਦੀ ਜਾ ਰਹੀ ਹੈ, ਜੋ ਭਗਵੰਤ ਸਿੰਘ ਮਾਨ ਤੋਂ ਬਰਦਾਸ਼ਤ ਨਹੀਂ ਹੋ ਰਹੀ। ਆਮ ਆਦਮੀ ਪਾਰਟੀ ਦੇ ਚਿਹਰੇ ਤੋਂ ਝੂਠੇ ਇਨਕਲਾਬ ਦਾ ਮਖੌਟਾ ਲੱਥ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕੇ ਦੇ ਨੌਜਵਾਨ ਹਾਜ਼ਰ ਸਨ।