- Updated: May 11, 2026 04:25 PM
ਜਲੰਧਰ ਤੋਂ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਇਕ ਮਸ਼ਹੂਰ ਚੌਕ ਨੇੜੇ ਪਤੀ ਨਾਲ ਸਬਜ਼ੀ ਲੈਣ ਗਈ ਔਰਤ ਨੂੰ ਤਿੰਨ ਨੌਜਵਾਨਾਂ ਨੇ ਜ਼ਬਰਦਸਤੀ ਗੱਡੀ ਵਿਚ ਸੁੱਟ ਕੇ ਅਗਵਾ ਕਰ ਲਿਆ। ਅਗਵਾ ਕਰਨ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੇ ਪਹਿਲਾਂ ਤਾਂ ਚੱਲਦੀ ਕਾਰ ਵਿਚ ਗੈਂਗਰੇਪ ਕੀਤਾ ਅਤੇ ਫਿਰ ਸੁੰਨਸਾਨ ਇਲਾਕੇ ਵਿਚ ਲਿਜਾ ਕੇ ਗੱਡੀ ਖੜ੍ਹੀ ਕਰਕੇ ਫਿਰ ਤੋਂ ਉ ਦੀ ਇੱਜ਼ਤ ਲੁੱਟੀ। ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਮੁਲਜ਼ਮ ਪੀੜਤਾ ਨੂੰ ਸੁੰਨਸਾਨ ਇਲਾਕੇ ਵਿਚ ਛੱਡ ਕੇ ਫ਼ਰਾਰ ਹੋ ਗਏ। ਪੀੜਤਾ ਨੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ-8 'ਚ ਸ਼ਿਕਾਇਤ ਦਿੱਤੀ ਗਈ।
ਪੁਲਸ ਨੇ ਤੁਰੰਤ ਐੱਫ਼. ਆਈ. ਆਰ. ਉਪਰੰਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਤਿੰਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਨੰਬਰ-8 ਦੇ ਇੰਚਾਰਜ ਸਾਹਿਲ ਚੌਧਰੀ ਨੇ ਦੱਸਿਆ ਕਿ 28 ਅਪ੍ਰੈਲ ਨੂੰ ਪੀੜਤ ਔਰਤ ਆਪਣੇ ਪਰਿਵਾਰ ਨਾਲ ਥਾਣੇ ਸ਼ਿਕਾਇਤ ਦੇਣ ਆਈ ਸੀ। ਉਸ ਦਾ ਦੋਸ਼ ਸੀ ਕਿ ਉਹ ਆਪਣੇ ਪਤੀ ਨਾਲ ਲੰਮਾ ਪਿੰਡ ਚੌਕ ਸਥਿਤ ਮੱਛੀ ਮਾਰਕੀਟ 'ਚ ਸਬਜ਼ੀ ਖ਼ਰੀਦਣ ਗਈ ਸੀ। ਉਸ ਦਾ ਪਤੀ ਸਬਜ਼ੀ ਖ਼ਰੀਦਣ ਲਈ ਗਿਆ ਤਾਂ ਇਸੇ ਦੌਰਾਨ ਉਸ ਦੇ ਨੇੜੇ ਇਕ ਚਿੱਟੇ ਰੰਗ ਦੀ ਆਲਟੋ ਗੱਡੀ ਆ ਕੇ ਰੁਕੀ, ਜਿਸ ਵਿਚ ਸਵਾਰ ਤਿੰਨ ਨੌਜਵਾਨਾਂ ਵਿਚੋਂ 2 ਨੇ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਸੁੱਟਿਆ ਅਤੇ ਫਿਰ ਕੁਝ ਦੂਰੀ ’ਤੇ ਲਿਜਾ ਕੇ ਵਾਰੀ-ਵਾਰੀ ਤਿੰਨਾਂ ਨੇ ਚੱਲਦੀ ਕਾਰ ਵਿਚ ਸਮੂਹਿਕ ਜਬਰ-ਜ਼ਿਨਾਹ ਕੀਤਾ।
ਪੀੜਤਾ ਨੇ ਕਿਹਾ ਕਿ ਮੁਲਜ਼ਮਾਂ ਨੇ ਬਾਅਦ ਵਿਚ ਸੁੰਨਸਾਨ ਇਲਾਕੇ ਵਿਚ ਜਾ ਕੇ ਗੱਡੀ ਖੜ੍ਹੀ ਕਰ ਦਿੱਤੀ ਅਤੇ ਦੋਬਾਰਾ ਉਸ ਦੀ ਇੱਜ਼ਤ ਲੁੱਟੀ। ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਹੋਣ ’ਤੇ ਥਾਣਾ ਨੰਬਰ 8 ਦੀ ਪੁਲਸ ਨੇ ਤੁਰੰਤ ਐੱਫ਼. ਆਈ. ਆਰ. ਨੰਬਰ 120, ਧਾਰਾ 70 (1) (ਸਮੂਹਿਕ ਜਬਰ-ਜ਼ਨਾਹ), 87 (ਅਗਵਾ) ਤਹਿਤ ਕੇਸ ਦਰਜ ਕਰ ਲਿਆ। ਪੁਲਸ ਨੇ ਵੱਖ-ਵੱਖ ਸਰੋਤਾਂ ਦੀ ਮਦਦ ਨਾਲ ਗੱਡੀ ਨੂੰ ਟ੍ਰੇਸ ਕਰ ਲਿਆ ਹੈ, ਜਿਸ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਉਰਫ਼ ਜੱਗਾ ਪੁੱਤਰ ਅਜੀਤ ਸਿੰਘ ਵਾਸੀ ਸ੍ਰੀ ਗੋਇੰਦਵਾਲ ਸਾਹਿਬ, ਅਰਜੁਨ ਪੁੱਤਰ ਹਰਮਿੰਦਰ ਸਿੰਘ ਵਾਸੀ ਉਪਕਾਰ ਨਗਰ ਜਲੰਧਰ ਅਤੇ ਕਰਣ ਮਹਿਰਾ ਪੁੱਤਰ ਸੁਰੇਸ਼ ਮਹਿਰਾ ਵਾਸੀ ਬਲਦੇਵ ਨਗਰ ਜਲੰਧਰ ਵਜੋਂ ਹੋਈ ਹੈ। ਜਾਂਚ ਵਿਚ ਪਤਾ ਲੱਗਾ ਕਿ ਜਗਜੀਤ ਸਿੰਘ ਉਰਫ਼ ਜੱਗਾ ਪੇਸ਼ੇ ਤੋਂ ਡਰਾਈਵਰ ਹੈ, ਜਦਕਿ ਬਾਕੀ ਮੁਲਜ਼ਮ ਲੇਬਰ ਦਾ ਕੰਮ ਕਰਦੇ ਹਨ। ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪਾ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਜਿਸ ਕਾਰ 'ਚ ਮੁਲਜ਼ਮਾਂ ਨੇ ਸਮੂਹਿਕ ਜਬਰ-ਜ਼ਿਨਾਹ ਕੀਤਾ ਸੀ, ਪੁਲਸ ਨੇ ਉਹ ਗੱਡੀ ਵੀ ਕਬਜ਼ੇ ਵਿਚ ਲੈ ਲਈ ਹੈ।