ਲੁਧਿਆਣਾ ''ਚ ਦਿੱਲੀ ਦੀ ਕੁੜੀ ਨਾਲ ਜ਼ਬਰ-ਜਿਨਾਹ, ਮੁਲਜ਼ਮ ਦੀ ਭਾਲ ਜਾਰੀ

 ਲੁਧਿਆਣਾ ''ਚ ਦਿੱਲੀ ਦੀ ਕੁੜੀ ਨਾਲ ਜ਼ਬਰ-ਜਿਨਾਹ, ਮੁਲਜ਼ਮ ਦੀ ਭਾਲ ਜਾਰੀ

ਵਿਆਹ ਦਾ ਝਾਂਸਾ ਦੇ ਕੇ ਦਿੱਲੀ ਤੋਂ ਇਕ ਮੁਟਿਆਰ ਨੂੰ ਵਰਗਲਾ ਕੇ ਲੁਧਿਆਣਾ ਲਿਆਉਣ ਅਤੇ ਕਿਰਾਏ ਦੇ ਮਕਾਨ ਵਿਚ ਰੱਖ ਕੇ ਲਗਾਤਾਰ ਜਬਰ-ਜ਼ਿਨਾਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਵਸ ਪੂਰੀ ਹੋਣ ਤੋਂ ਬਾਅਦ ਮੁਲਜ਼ਮ ਪੀੜਤਾ ਨੂੰ ਵਾਪਸ ਦਿੱਲੀ ਲੈ ਗਿਆ ਅਤੇ ਉੱਥੇ ਉਸ ਨੂੰ ਆਪਣੇ ਪਿੰਡ ਪਰਤਣ ਦਾ ਦਬਾਅ ਬਣਾ ਕੇ ਲਾਵਾਰਿਸ ਛੱਡ ਦਿੱਤਾ। ਦਿੱਲੀ ਪੁਲਸ ਵੱਲੋਂ ਦਰਜ ਕੀਤੀ ਗਈ ਜ਼ੀਰੋ ਐੱਫ.ਆਈ.ਆਰ. ਲੁਧਿਆਣਾ ਟ੍ਰਾਂਸਫਰ ਹੋਣ ਤੋਂ ਬਾਅਦ ਸਥਾਨਕ ਥਾਣਾ ਪੁਲਸ ਨੇ ਮੁਲਜ਼ਮ ਨੌਜਵਾਨ ਮੋਨੂੰ ਪੂਰਵੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਧੋਖਾਧੜੀ ਦੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੁਲਜ਼ਮ ਮੋਨੂੰ ਪੂਰਵੇ ਨੇ ਉਸ ਨਾਲ ਨੇੜਤਾ ਵਧਾਈ ਅਤੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ। ਵਿਆਹ ਦਾ ਪੱਕਾ ਵਾਅਦਾ ਕਰਕੇ ਮੁਲਜ਼ਮ ਉਸ ਨੂੰ ਦਿੱਲੀ ਤੋਂ ਵਰਗਲਾ ਕੇ ਲੁਧਿਆਣਾ ਲੈ ਆਇਆ। ਲੁਧਿਆਣਾ ਦੇ ਗਗਨਦੀਪ ਕਾਲੋਨੀ ਇਲਾਕੇ ਵਿਚ ਮੁਲਜ਼ਮ ਨੇ ਇਕ ਕਿਰਾਏ ਦਾ ਮਕਾਨ ਲਿਆ ਅਤੇ ਪੀੜਤਾ ਨੂੰ ਉੱਥੇ ਨਾਲ ਰੱਖਣ ਲੱਗਾ। ਪੀੜਤਾ ਦਾ ਦੋਸ਼ ਹੈ ਕਿ ਗਗਨਦੀਪ ਕਾਲੋਨੀ ਵਿਚ ਰਹਿਣ ਦੌਰਾਨ ਮੁਲਜ਼ਮ ਵਿਆਹ ਦਾ ਝਾਂਸਾ ਦੇ ਕੇ ਲਗਾਤਾਰ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਜਦੋਂ ਵੀ ਪੀੜਤਾ ਉਸ 'ਤੇ ਵਿਆਹ ਕਰਨ ਅਤੇ ਸਮਾਜਿਕ ਤੌਰ 'ਤੇ ਰਿਸ਼ਤੇ ਨੂੰ ਅਪਣਾਉਣ ਦਾ ਦਬਾਅ ਬਣਾਉਂਦੀ, ਤਾਂ ਮੁਲਜ਼ਮ ਕੋਈ ਨਾ ਕੋਈ ਬਹਾਨਾ ਬਣਾ ਕੇ ਗੱਲ ਟਾਲ ਦਿੰਦਾ। ਲੰਬੇ ਸਮੇਂ ਤੱਕ ਸ਼ੋਸ਼ਣ ਕਰਨ ਤੋਂ ਬਾਅਦ ਮੁਲਜ਼ਮ ਦੇ ਤੇਵਰ ਪੂਰੀ ਤਰ੍ਹਾਂ ਬਦਲ ਗਏ ਅਤੇ ਹਵਸ ਪੂਰੀ ਹੋ ਜਾਣ ਤੋਂ ਬਾਅਦ ਮੁਲਜ਼ਮ ਮੋਨੂੰ ਪੂਰਵੇ ਪੀੜਤਾ ਨੂੰ ਲੁਧਿਆਣਾ ਤੋਂ ਵਾਪਸ ਦਿੱਲੀ ਲੈ ਗਿਆ।

ਦਿੱਲੀ ਪਹੁੰਚਣ ਤੋਂ ਬਾਅਦ ਮੁਲਜ਼ਮ ਨੇ ਪੀੜਤਾ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਧਮਕਾਉਂਦੇ ਹੋਏ ਕਿਹਾ ਕਿ ਉਹ ਚੁੱਪਚਾਪ ਆਪਣੇ ਪਿੰਡ ਪਰਤ ਜਾਵੇ ਅਤੇ ਦੁਬਾਰਾ ਉਸ ਦੇ ਸਾਹਮਣੇ ਨਾ ਆਵੇ। ਬੇਸਹਾਰਾ ਅਤੇ ਧੋਖੇ ਦਾ ਸ਼ਿਕਾਰ ਹੋਈ ਪੀੜਤਾ ਨੇ ਹਿੰਮਤ ਜੁਟਾ ਕੇ ਇਸ ਸਬੰਧੀ ਦਿੱਲੀ ਦੇ ਸਬੰਧਤ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ।

ਘਟਨਾ ਸਥਾਨ ਲੁਧਿਆਣਾ ਦੀ ਗਗਨਦੀਪ ਕਾਲੋਨੀ ਹੋਣ ਕਾਰਨ ਦਿੱਲੀ ਪੁਲਸ ਨੇ ਮਾਮਲੇ ਵਿਚ 1 ਅਗਸਤ ਨੂੰ ਜ਼ੀਰੋ ਐੱਫ.ਆਈ.ਆਰ. ਦਰਜ ਕਰਕੇ ਕੇਸ ਦੀ ਫਾਈਲ ਅਗਲੇਰੀ ਕਾਰਵਾਈ ਲਈ ਲੁਧਿਆਣਾ ਪੁਲਸ ਕਮਿਸ਼ਨਰੇਟ ਨੂੰ ਟ੍ਰਾਂਸਫਰ ਕਰ ਦਿੱਤੀ। ਲੁਧਿਆਣਾ ਪੁਲਸ ਨੇ ਦਿੱਲੀ ਤੋਂ ਪ੍ਰਾਪਤ ਦਸਤਾਵੇਜ਼ਾਂ ਅਤੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਮੋਨੂੰ ਪੂਰਵੇ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਨਿਯਮਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੁਲਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।