ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਨੇ ਪਤਨੀ ਸਮੇਤ ਟੇਕਿਆ ਮੱਥਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਨੇ ਪਤਨੀ ਸਮੇਤ ਟੇਕਿਆ ਮੱਥਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਨੇ ਮੱਥਾ ਟੇਕਿਆ ਤੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ। ਇਸ ਦੌਰਾਨ ਜਿੱਥੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਉਥੇ ਹੀ ਲੰਗਰ ਹਾਲ ਵਿਖੇ ਸੇਵਾ ਵੀ ਨਿਭਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਰਮਨ ਜੋਸ਼ੀ ਨੇ ਕਿਹਾ ਕਿ ਇਸ ਰੂਹਾਨੀਅਤ ਦੇ ਕੇਂਦਰ 'ਚ ਉਹ ਦੂਸਰੀ ਵਾਰ ਆਏ ਹਨ, ਇੱਥੇ ਆ ਕੇ ਮਨ ਨੂੰ ਵੱਖਰਾ ਹੀ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦੇ ਇਸ ਘਰ 'ਚ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਉਹ 'ਰੰਗ ਦੇ ਬਸੰਤੀ' ਫ਼ਿਲਮ ਦੇ ਚੱਲਦੇ ਇੱਥੇ ਆਏ ਸਨ ਅਤੇ ਗੋਲਡਨ ਟੈਂਪਲ ਦੇ ਅੰਦਰ ਆ ਕੇ ਪੈਰ ਧੋਣ ਦਾ ਸੀਨ ਦਰਸਾਇਆ ਗਿਆ ਸੀ। ਰੰਗ ਦੇ ਬਸੰਤੀ ਫ਼ਿਲਮ ਵਿੱਚ ਪੰਜਾਬ ਦੇ ਕਲਚਰ ਨੂੰ ਪਰਮੋਟ ਕੀਤਾ ਗਿਆ ਸੀ। ਉਸ ਸਮੇਂ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਜੇਕਰ ਮੈਨੂੰ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗਾ। ਉਨ੍ਹਾਂ ਦੱਸਿਆ ਕਿ ਮੇਰੀ ਪਤਨੀ ਵੀ ਪੰਜਾਬੀ ਹੈ, ਜੋ ਅੱਜ ਇੱਥੇ ਮੇਰੇ ਨਾਲ ਆਏ ਹਨ।

ਪੰਜਾਬੀ ਖਾਣੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਖਾਣਾ ਬਹੁਤ ਲਾਜਵਾਬ ਹੈ ਅਤੇ ਕਿਸੇ ਢਾਬੇ 'ਤੇ ਬੈਠ ਕੇ ਰੋਟੀ ਖਾਣਾ ਚਾਹੁੰਦਾ ਹਾਂ। ਕਾਲੀ ਦਾਲ ਤੇ ਰੋਟੀ ਢਾਬੇ 'ਤੇ ਬੈਠ ਕੇ ਖਾਣ ਦਾ ਵੱਖਰਾ ਹੀ ਮਜ਼ਾ ਹੈ। ਇਸ ਮੌਕੇ ਸੂਚਨਾ ਕੇਂਦਰ ਵਿਖੇ ਸ਼ਰਮਨ ਜੋਸ਼ੀ ਨੂੰ ਸਨਮਾਨਿਤ ਵੀ ਕੀਤਾ ਗਿਆ।