- Updated: July 11, 2026 05:29 PM
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਅਤੇ ਅਵਾਮੀ ਲੀਗ ਦੇ ਹੋਰ ਜਲਾਵਤਨ ਨੇਤਾ ਇਸੇ ਸਾਲ ਦਸੰਬਰ ਦੇ ਆਸਪਾਸ ਆਪਣੀ ਇੱਛਾ ਨਾਲ ਬੰਗਲਾਦੇਸ਼ ਪਰਤਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਪਰਤਦਿਆਂ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ ਜਾਂ ਉਨ੍ਹਾਂ ਦਾ ਕਤਲ ਵੀ ਕੀਤਾ ਜਾ ਸਕਦਾ ਹੈ ਪਰ ਇਸ ਦੇ ਬਾਵਜੂਦ ਉਹ ਆਪਣੇ ਦੇਸ਼ ਵਾਪਸ ਜਾਵੇਗੀ ਅਤੇ ਅਦਾਲਤ ਦੇ ਸਾਹਮਣੇ ਆਤਮਸਮਰਪਣ ਕਰੇਗੀ।
78 ਸਾਲਾ ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਵਾਪਸੀ ਦੇ ਖਤਰੇ ਦਾ ਪੂਰਾ ਅੰਦਾਜ਼ਾ ਹੈ। ਉਨ੍ਹਾਂ ਨੇ ਕਿਹਾ, “ਉਹ ਮੈਨੂੰ ਪਰਤਦਿਆਂ ਹੀ ਗ੍ਰਿਫ਼ਤਾਰ ਕਰ ਸਕਦੇ ਹਨ, ਇੱਥੋਂ ਤੱਕ ਕਿ ਮੇਰਾ ਕਤਲ ਵੀ ਕਰ ਸਕਦੇ ਹਨ। ਫਿਰ ਵੀ ਮੈਨੂੰ ਵਾਪਸ ਜਾਣਾ ਹੋਵੇਗਾ।” ਹਸੀਨਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਦੇ ਨੇਤਾਵਾਂ ਅਤੇ ਵਰਕਰਾਂ ’ਤੇ ਲਗਾਤਾਰ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਮੌਤ ਵੀ ਹੁੰਦੀ ਹੈ ਤਾਂ ਉਹ ਆਪਣੇ ਹੀ ਦੇਸ਼ ਦੀ ਮਿੱਟੀ ’ਤੇ ਹੋਵੇ, ਜਿੱਥੇ ਉਨ੍ਹਾਂ ਦੇ ਮਾਤਾ-ਪਿਤਾ ਦਫ਼ਨ ਹਨ ਅਤੇ ਜਿੱਥੇ ਉਨ੍ਹਾਂ ਦਾ ਖ਼ੂਨ ਵਹਿਆ ਸੀ।
ਜ਼ਿਕਰਯੋਗ ਹੈ ਕਿ ਸ਼ੇਖ ਹਸੀਨਾ ਅਗਸਤ 2024 ’ਚ ਵਿਦਿਆਰਥੀ ਅੰਦੋਲਨ ਤੋਂ ਬਾਅਦ ਸੱਤਾ ਤੋਂ ਬੇਦਖ਼ਲ ਹੋਣ ਪਿੱਛੋਂ ਬੰਗਲਾਦੇਸ਼ ਛੱਡ ਕੇ ਭਾਰਤ ਆ ਗਈ ਸੀ। ਵਿਦਿਆਰਥੀ-ਅਗਵਾਈ ਵਾਲੇ ਵਿਆਪਕ ਵਿਰੋਧ ਪ੍ਰਦਰਸ਼ਨਾਂ ਕਾਰਨ ਉਨ੍ਹਾਂ ਦੀ ਸਰਕਾਰ ਡਿੱਗ ਗਈ ਸੀ ਅਤੇ ਉਦੋਂ ਤੋਂ ਉਹ ਜਲਾਵਤਨੀ ’ਚ ਰਹਿ ਰਹੀ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੰਗਲਾਦੇਸ਼ ਪਰਤਣ ਨੂੰ ਲੈ ਕੇ ਉਨ੍ਹਾਂ ਦੀ ਢਾਕਾ ਦੀ ਮੌਜੂਦਾ ਸਰਕਾਰ ਜਾਂ ਅਧਿਕਾਰੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ।