- Updated: May 29, 2026 08:50 PM
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਈਰਾਨ ਨਾਲ ਹੋਏ 'ਹਰਮੁਜ਼ ਸਮਝੌਤੇ' ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਈਰਾਨ ਨੂੰ ਇਸ ਗੱਲ 'ਤੇ ਸਹਿਮਤ ਹੋਣਾ ਪਵੇਗਾ ਕਿ ਉਹ ਕਦੇ ਵੀ ਪ੍ਰਮਾਣੂ ਹਥਿਆਰ ਜਾਂ ਬੰਬ ਨਹੀਂ ਬਣਾਏਗਾ।
ਟਰੰਪ ਅਨੁਸਾਰ, ਹਰਮੁਜ਼ ਜਲਡਮਰੂ ਨੂੰ ਬਿਨਾਂ ਕਿਸੇ ਟੈਕਸ ਦੇ ਤੁਰੰਤ ਖੋਲ੍ਹ ਦਿੱਤਾ ਜਾਵੇਗਾ ਤਾਂ ਜੋ ਦੋਵਾਂ ਪਾਸਿਆਂ ਤੋਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਬਿਨਾਂ ਕਿਸੇ ਰੋਕ-ਟੋਕ ਦੇ ਸ਼ੁਰੂ ਹੋ ਸਕੇ। ਉਨ੍ਹਾਂ ਦੱਸਿਆ ਕਿ ਅਮਰੀਕੀ ਜਲ ਸੈਨਾ ਵੱਲੋਂ ਲਗਾਈ ਗਈ ਸਖ਼ਤ ਨਾਕੇਬੰਦੀ ਨੂੰ ਹੁਣ ਹਟਾਇਆ ਜਾ ਰਿਹਾ ਹੈ, ਜਿਸ ਨਾਲ ਸਮੁੰਦਰ ਵਿੱਚ ਫਸੇ ਜਹਾਜ਼ ਆਪਣੇ ਦੇਸ਼ਾਂ ਨੂੰ ਵਾਪਸ ਪਰਤ ਸਕਣਗੇ। ਉਨ੍ਹਾਂ ਈਰਾਨ ਨੂੰ ਸਮੁੰਦਰੀ ਸੁਰੰਗਾਂ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।
ਰਾਸ਼ਟਰਪਤੀ ਨੇ ਦੱਸਿਆ ਕਿ 11 ਮਹੀਨੇ ਪਹਿਲਾਂ B2 ਬੰਬਾਰ ਹਮਲੇ ਕਾਰਨ ਪਹਾੜਾਂ ਦੇ ਹੇਠਾਂ ਦੱਬੀ "ਨਿਊਕਲੀਅਰ ਡਸਟ" (Nuclear Dust) ਨੂੰ ਅਮਰੀਕਾ ਅਤੇ ਚੀਨ ਮਿਲ ਕੇ ਬਾਹਰ ਕੱਢਣਗੇ। ਇਸ ਪ੍ਰਕਿਰਿਆ ਵਿੱਚ ਈਰਾਨ ਅਤੇ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (IAEA) ਦਾ ਸਹਿਯੋਗ ਲਿਆ ਜਾਵੇਗਾ ਅਤੇ ਇਸ ਸਮੱਗਰੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਵੇਗਾ।
ਟਰੰਪ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਫਿਲਹਾਲ ਇਸ ਸਮਝੌਤੇ ਤਹਿਤ ਕਿਸੇ ਵੀ ਤਰ੍ਹਾਂ ਦੇ ਪੈਸੇ ਦਾ ਲੈਣ-ਦੇਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਅੰਤਿਮ ਫੈਸਲਾ ਲੈਣ ਲਈ 'ਸਿਚੁਏਸ਼ਨ ਰੂਮ' ਵਿੱਚ ਮੀਟਿੰਗ ਕਰਨ ਜਾ ਰਹੇ ਹਨ। ਉਨ੍ਹਾਂ ਜਹਾਜ਼ਾਂ 'ਤੇ ਸਵਾਰ ਲੋਕਾਂ ਨੂੰ ਸੰਬੋਧਨ ਕਰਦਿਆਂ ਮਜ਼ਾਕੀਆ ਲਹਿਜੇ ਵਿੱਚ ਆਪਣੇ ਪਰਿਵਾਰਾਂ ਨੂੰ ਮਿਲਣ ਅਤੇ "ਆਪਣੇ ਪਸੰਦੀਦਾ ਰਾਸ਼ਟਰਪਤੀ" ਵੱਲੋਂ ਸਲਾਮ ਕਹਿਣ ਲਈ ਵੀ ਕਿਹਾ।