- Updated: November 13, 2026 01:09 PM
ਜਲੰਧਰ ਦੇ ਮੇਅਰ ਅਤੇ ਉੱਤਰੀ ਹਲਕੇ ਦੇ ਨਵ-ਨਿਯੁਕਤ ਉਮੀਦਵਾਰ ਵਨੀਤ ਧੀਰ ਦੇ ਸਾਹਮਣੇ ਇਕ ਵਿਆਹ ਸਮਾਗਮ ਦੀ ਡੀ. ਜੇ. ਪਾਰਟੀ ਵਿਚ ਹਵਾਈ ਫਾਇਰ ਕਰਨ ਦੀ ਵੀਡੀਓ ਵਾਇਰਲ ਹੋ ਗਈ ਹੈ। ਹਾਲ ਹੀ ਵਿਚ ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਵਿਆਹ ਸਮਾਗਮਾਂ, ਜਨਤਕ ਥਾਵਾਂ ਆਦਿ ’ਤੇ ਹਥਿਆਰ ਨਾ ਲੈ ਕੇ ਜਾਣ ਦੇ ਹੁਕਮ ਜਾਰੀ ਕੀਤੇ ਸਨ ਪਰ ਇਨ੍ਹਾਂ ਹੁਕਮਾਂ ਦੇ ਬਾਵਜੂਦ ਮੇਅਰ ਦੇ ਸਾਹਮਣੇ ਪਾਰਟੀ ਦੌਰਾਨ ਫਾਇਰਿੰਗ ਹੋਣ ’ਤੇ ਸ਼ਹਿਰ ਦੀ ਸਿਆਸਤ ਵੀ ਗਰਮਾ ਗਈ ਹੈ। ਇੰਨਾ ਹੀ ਨਹੀਂ, ਵੀਡੀਓ ਵਿਚ ਇਕ ਨੌਜਵਾਨ ਡੱਬ ਵਿਚ ਸ਼ਰੇਆਮ ਪਿਸਤੌਲ ਲਾ ਕੇ ਵੀ ਡੀ. ਜੇ. ’ਤੇ ਡਾਂਸ ਕਰਦਾ ਦਿਖਾਈ ਦੇ ਰਿਹਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰੀ ਹਲਕੇ ਅਧੀਨ ਆਉਂਦੇ ਰੈਡੀਸਨ ਐਨਕਲੇਵ ਦੀ ਹੈ। ਇਥੇ ਇਕ ਨੌਜਵਾਨ ਦੇ ਵਿਆਹ ਸਮਾਗਮ ਤੋਂ ਪਹਿਲਾਂ ਡੀ. ਜੇ. ਪਾਰਟੀ ਰੱਖੀ ਗਈ ਸੀ, ਜਿਸ ਵਿਚ ਮੇਅਰ ਵਨੀਤ ਧੀਰ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਕੌਂਸਲਰ ਪਤੀ ਵੀ ਇਸ ਪਾਰਟੀ ਵਿਚ ਸੱਦੇ ਗਏ ਸਨ। ਜਿਵੇਂ ਹੀ ਮੇਅਰ ਡੀ. ਜੇ. ਫਲੋਰ ’ਤੇ ਆਏ ਤਾਂ ਪੰਜਾਬੀ ਗਾਣੇ ਦੀ ਧੁਨ ’ਤੇ ਡਾਂਸ ਕਰਨ ਲੱਗੇ ਪਰ ਇਸੇ ਦੌਰਾਨ ਰੇਰੂ ਪਿੰਡ ਦੇ ਇਕ ਨੌਜਵਾਨ ਨੇ ਹਵਾਈ ਫਾਇਰ ਕਰ ਦਿੱਤਾ। ਜਦੋਂ ਮੇਅਰ ਡਾਂਸ ਕਰ ਰਹੇ ਸਨ ਤਾਂ ਉਨ੍ਹਾਂ ਦੇ ਨੇੜੇ ਹੀ ਇਕ ਨੌਜਵਾਨ ਡੱਬ ਵਿਚ ਪਿਸਤੌਲ ਲਾ ਕੇ ਡਾਂਸ ਕਰ ਰਿਹਾ ਸੀ। ਵੀਡੀਓ ਵਾਇਰਲ ਹੋਈ ਤਾਂ ਪੁਲਸ ਵਾਲੇ ਵੀ ਅਲਰਟ ਹੋ ਗਏ।
ਸੀ. ਪੀ. ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਇਸ ਤਰ੍ਹਾਂ ਫਾਇਰਿੰਗ ਹੋਣ ਦੀ ਵੀਡੀਓ ਵਾਇਰਲ ਹੋਣ ’ਤੇ ਪੁਲਸ ਵੀ ਤੁਰੰਤ ਹਰਕਤ ਵਿਚ ਆ ਗਈ। ਏ. ਸੀ. ਪੀ. ਉੱਤਰੀ ਕਰਨੈਲ ਸਿੰਘ ਨੇ ਦੱਸਿਆ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਨੇ ਵੀ ਹਵਾਈ ਫਾਇਰਿੰਗ ਅਤੇ ਹਥਿਆਰਾਂ ਦੀ ਪ੍ਰਮੋਸ਼ਨ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜੇ ਐੱਫ਼. ਆਈ. ਆਰ. ਦਰਜ ਨਹੀਂ ਹੋਈ ਹੈ, ਪਰ ਜਲਦ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਜਦੋਂ ਮੇਅਰ ਵਨੀਤ ਧੀਰ ਨਾਲ ਗੱਲ ਕਰਨੀ ਚਾਹੀ ਤਾਂ ਪਹਿਲਾਂ ਉਨ੍ਹਾਂ ਦੇ ਬੇਟੇ ਨੇ ਫ਼ੋਨ ਚੁੱਕਿਆ ਅਤੇ ਕਿਹਾ ਕਿ ਉਹ ਫੇਸਬੁੱਕ ’ਤੇ ਲਾਈਵ ਕਰ ਰਹੇ ਹਨ, ਪਰ ਅੱਧੇ ਘੰਟੇ ਬਾਅਦ ਜਦੋਂ ਦੁਬਾਰਾ ਫ਼ੋਨ ਕਰ ਕੇ ਉਨ੍ਹਾਂ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਕਮਿਸ਼ਨਰੇਟ ਪੁਲਸ ਨੇ ਬੁੱਧਵਾਰ ਨੂੰ ਹੀ ਅਰਬਨ ਅਸਟੇਟ ਫੇਜ਼-2 ਵਿਚ ਸਥਿਤ ਬਲੈਕ ਬਾਲ ਬਿਲੀਅਰਡਸ ਅਤੇ ਟਰੂ ਬਲੈਂਡ ਕੈਫੇ ਦੇ ਦੋਵਾਂ ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੇ ਕਿਸੇ ਕਿਸਮ ਦਾ ਕੋਈ ਹਵਾਈ ਫਾਇਰ ਤਾਂ ਨਹੀਂ ਕੀਤਾ ਸੀ, ਪਰ ਟੇਬਲ ’ਤੇ ਰੱਖ ਕੇ ਲਾਇਸੈਂਸੀ ਵੈਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਈਆਂ ਸਨ, ਜਿਸ ਤੋਂ ਬਾਅਦ ਥਾਣੇ ਦੀ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੇਖਣਾ ਇਹ ਹੈ ਕਿ ਜੇਕਰ ਰੈਸਟੋਰੈਂਟ ਮਾਲਕਾਂ ਖ਼ਿਲਾਫ਼ ਪੁਲਸ ਤੁਰੰਤ ਐੱਫ. ਆਈ. ਆਰ. ਕਰ ਕੇ ਕਾਨੂੰਨ ਦਾ ਪਾਠ ਪੜ੍ਹਾ ਸਕਦੀ ਹੈ, ਤਾਂ ਹਵਾਈ ਫਾਇਰ ਕਰਨ ਵਾਲਿਆਂ ’ਤੇ ਪੁਲਸ ਕੀ ਐਕਸ਼ਨ ਲਵੇਗੀ?
ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭੰਡਾਰੀ ਨੇ ਮੇਅਰ ਵਨੀਤ ਧੀਰ ਦੀ ਸੁਰੱਖਿਆ ’ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਡਾਂਸ ਕਰਦੇ ਸਮੇਂ ਕਿਸੇ ਦਾ ਹੱਥ ਲੱਗਣ ’ਤੇ ਫਾਇਰਿੰਗ ਕਰਨ ਵਾਲੇ ਕੋਲੋਂ ਪਿਸਤੌਲ ਦਾ ਮੂੰਹ ਇੱਧਰ-ਉੱਧਰ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ?
ਭੰਡਾਰੀ ਨੇ ਕਿਹਾ ਕਿ ਉਸ ਵੇਲੇ ਮੇਅਰ ਦੀ ਸਕਿਓਰਿਟੀ ਵਿਚ ਤਾਇਨਾਤ ਪੁਲਸ ਮੁਲਾਜ਼ਮ ਕਿੱਥੇ ਸਨ, ਉਨ੍ਹਾਂ ਨੇ ਮੇਅਰ ਦੇ ਸਾਹਮਣੇ ਅਤੇ ਕਰੀਬ ਤੋਂ ਫਾਇਰਿੰਗ ਕਰਨ ਵਾਲਿਆਂ ਨੂੰ ਕਿਉਂ ਨਹੀਂ ਰੋਕਿਆ। ਭੰਡਾਰੀ ਨੇ ਕਿਹਾ ਕਿ ਮੇਅਰ ਦੇ ਸਾਹਮਣੇ ਇਸ ਤਰ੍ਹਾਂ ਦੀ ਘਟਨਾ ਹੋਣਾ ਕਾਨੂੰਨ ਵਿਵਸਥਾ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਮੇਅਰ ਦੇ ਸਾਹਮਣੇ ਇਕ ਸਮਾਗਮ ਵਿਚ ਸ਼ਰੇਆਮ ਹਵਾਈ ਫਾਇਰ ਹੋਣਾ ਕਿਹੜੇ ਬਦਲਾਅ ਵੱਲ ਇਸ਼ਾਰਾ ਕਰ ਰਿਹਾ ਹੈ।