ਹਰਸਿਮਰਤ ਕੌਰ ਬਾਦਲ ਦਾ ਦਾਅਵਾ: ਪੰਜਾਬ ''ਚ ਪਿਛਲੇ 5 ਸਾਲਾਂ ਦੌਰਾਨ ਨਸ਼ਿਆਂ ਕਾਰਨ 5 ਤੋਂ 6 ਲੱਖ ਲੋਕਾਂ ਦੀ ਮੌਤ ਹੋਈ

ਹਰਸਿਮਰਤ ਕੌਰ ਬਾਦਲ ਦਾ ਦਾਅਵਾ: ਪੰਜਾਬ ''ਚ ਪਿਛਲੇ 5 ਸਾਲਾਂ ਦੌਰਾਨ ਨਸ਼ਿਆਂ ਕਾਰਨ 5 ਤੋਂ 6 ਲੱਖ ਲੋਕਾਂ ਦੀ ਮੌਤ ਹੋਈ

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਔਰਤਾਂ ਦੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮੌਜੂਦਾ ਸਰਕਾਰ ਤੋਂ ਪੁੱਛਿਆ ਕਿ ਉਸ ਨੇ ਪਿਛਲੇ ਪੰਜ ਸਾਲਾਂ ਵਿਚ ਨਸ਼ਾ ਤਸਕਰੀ ਦੇ ਕਿਹੜੇ ਸਰਗਨੇ ਗ੍ਰਿਫਤਾਰ ਕੀਤੇ ਹਨ ਤੇ ’ਚਿੱਟੇ’ ਦੀ ਕਿਹੜੀ ਫੈਕਟਰੀ ਦਾ ਭਾਂਡਾ ਭੰਨਿਆ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਵੱਡੇ ਨਸ਼ਾ ਤਸਕਰ ਤੇ ਉਨ੍ਹਾਂ ਦੀਆਂ ਫੈਕਟਰੀਆਂ ਨੂੰ ਹੁਣ ਤੱਕ ਕਿਸੇ ਨੇ ਛੋਹਿਆ ਵੀ ਨਹੀਂ ਤੇ ਇਹ ਪ੍ਰਤੱਖ ਸਬੂਤ ਹੈ ਕਿ ਤੁਹਾਡਾ ਇਸ ਬੁਰਾਈ ਨੂੰ ਨਕੇਲ ਪਾਉਣ ਦਾ ਕੋਈ ਇਰਾਦਾ ਨਹੀਂ ਤੇ ਤੁਸੀਂ ਇਸ ਵਪਾਰ ਨੂੰ ਆਪ ਉਤਸ਼ਾਹਿਤ ਕਰ ਰਹੇ ਹੋ।

ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿਚ ਨਸ਼ਿਆਂ ਕਾਰਨ ਮੌਤਾਂ 5 ਲੱਖ ਤੋਂ ਟੱਪ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਕ ਪਿੰਡ ਵਿਚ ਨਸ਼ਿਆਂ ਕਾਰਨ ਪੰਜ ਮੌਤਾਂ ਵੀ ਗਿਣੀਏ ਤਾਂ ਪੰਜਾਬ ਦੇ 13 ਹਜ਼ਾਰ ਪਿੰਡਾਂ ਵਿਚ ਇਹ ਅੰਕੜਾ 3.25 ਲੱਖ ਬਣਦਾ ਹੈ। ਜੇਕਰ ਅਸੀਂ ਕਸਬਿਆਂ ਤੇ ਸ਼ਹਿਰਾਂ ਦੀ ਗਿਣਤੀ ਵੀ ਨਾਲ ਗਿਣੀਏ ਤਾਂ ਇਹ ਅੰਕੜਾ ਪੰਜ ਤੋਂ ਛੇ ਲੱਖ ਦਾ ਬਣਦਾ ਹੈ। ਬਾਦਲ ਨੇ ਕਿਹਾ ਕਿ ਬਜਾਏ ਰੋਜ਼ਾਨਾ ਹੋ ਰਹੀਆਂ ਮੌਤਾਂ ਨੂੰ ਰੋਕਣ ਵਾਸਤੇ ਯਤਨ ਕਰਨ ਦੇ ਮੁੱਖ ਮੰਤਰੀ ਉਨ੍ਹਾਂ ਦੇ ਪੰਜਾਬ ਦੀਆਂ ਔਰਤਾਂ ਲਈ ਡਟਣ ਦਾ ਮਖੌਲ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਇਹ ਦਾਅਵਾ ਕਰ ਕੇ ਸਸਤੀ ਸ਼ੋਹਰਤ ਹਾਸਲ ਕਰਨ ਦਾ ਯਤਨ ਕਰ ਰਹੇ ਹਨ ਕਿ ਉਹ ਨਹੀਂ ਜਾਣਦੇ ਕਿ ਝੋਨਾ ਤੇ ਚੋਣਾਂ ਵਿਚ ਵੀ ਫਰਕ ਹੈ ? ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਝੋਨਾ ਤੇ ਚੋਣਾਂ ਦਾ ਫਰਕ ਹੀ ਨਹੀਂ ਜਾਣਦੀ ਬਲਕਿ ਪੰਜਾਬ ਦੇ ਖ਼ਜ਼ਾਨੇ ਅਤੇ ਪੀ. ਸੀ. ਐੱਸ. ਮੇਨ ਪ੍ਰੀਖਿਆ ਵਿਚ ਬਾਹਰਲਿਆਂ ਦੀ ਚੋਣ ਨਾਲ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਲੱਗੇ ਕਥਿਤ ਚੂਨੇ ਤੋਂ ਵੀ ਜਾਣੂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਹਾਲਾਤ ਦੀ ਗੰਭੀਰਤਾ ਨੂੰ ਸਮਝਦੀਆਂ ਹਨ। ਔਰਤਾਂ ਨੇ ਆ ਕੇ ਉਨ੍ਹਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਓ। ਉਨ੍ਹਾਂ ਕਿਹਾ ਕਿ ਔਰਤਾਂ ਇਸ ਤੋਂ ਵੱਧ ਕੁਝ ਨਹੀਂ ਚਾਹੁੰਦੀਆਂ। ਉਨ੍ਹਾਂ ਕਿਹਾ ਕਿ ਇਸੇ ਕਾਰਨ ਅਸੀਂ ਨਸ਼ਾ ਮਾਫੀਆ ਨਾਲ ਨਜਿੱਠਣ ਵਾਸਤੇ ਮਾਈ ਭਾਗੋ ਦੀ ਫੌਜ ਬਣਾਈ ਹੈ। ਉਨ੍ਹਾਂ ਕਿਹਾ ਕਿ ਇਹ ਜਾਣ ਕਿ ਉਨ੍ਹਾਂ ਨੂੰ ਸੁਕੂਨ ਮਿਲਿਆ ਹੈ ਕਿ ਔਰਤਾਂ ਸੰਗਠਿਤ ਹੋ ਰਹੀਆਂ ਹਨ ਤੇ ਉਨ੍ਹਾਂ ਨੇ ਪਿੰਡਾਂ ਵਿਚ ਜੱਥੇ ਬਣਾ ਲਏ ਹਨ।

ਉਨ੍ਹਾਂ ਕਿਹਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਗਠਿਤ ਕੀਤੀ ਜਾਵੇਗੀ ਜੋ ਨਸ਼ਾ ਮਾਫੀਆ ਨਾਲ ਨਜਿੱਠੇਗੀ। ਉਨ੍ਹਾਂ ਨੇ ਮਾਈ ਭਾਗੋ ਦੀ ਫੌਜ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵੇਚਣ ਵਾਲਿਆਂ ਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਸੂਚੀ ਤਿਆਰ ਰੱਖਣ ਕਿਉਂਕਿ ਇਨ੍ਹਾਂ ਦੇ ਖਿਲਾਫ ਹੀ ਵਿਸ਼ੇਸ਼ ਟਾਸਕ ਫੋਰਸ ਕਾਰਵਾਈ ਕਰੇਗੀ।

ਹਰਸਿਮਰਤ ਬਾਦਲ ਨੇ ਇਹ ਵੀ ਦੱਸਿਆ ਕਿ ਨਸ਼ਾ ਪੀੜਤਾਂ ਵਾਸਤੇ ਮੁੜ ਵਸੇਬਾ ਪ੍ਰੋਗਰਾਮ ਚਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਨਵੀਂ ਸ਼ੁਰੂਆਤ ਵਾਸਤੇ ਹੁਨਰ ਸਿੱਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵਾਂ ਕਾਨੂੰਨ ਬਣਾ ਕੇ ਨਸ਼ਾ ਤਸਕਰਾਂ ਨੂੰ 10 ਸਾਲਾਂ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਈ ਜਾਵੇਗੀ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਮੌਕੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ,ਸੁਖਵਿੰਦਰ ਕੌਰ ਹਲਕਾ ਪ੍ਰਧਾਨ ਇਸਤਰੀ ਅਕਾਲੀ ਦਲ ਹਰਗੋਬਿੰਦਪੁਰ, ਕੁਲਦੀਪ ਕੌਰ ਉਹਦੇਵਾਲ, ਜਸਵਿੰਦਰ ਕੌਰ ਪੱਟੀਵਾਲ, ਹਰਜਿੰਦਰ ਕੌਰ ਮੰਡਿਆਲਾ, ਰੁਪਿੰਦਰ ਕੌਰ ਮਚਰਾਵਾਂ, ਕੁਲਦੀਪ ਕੌਰ ਭੂਮਾ, ਮਨਜੀਤ ਕੌਰ ਜਿੰਦੜ, ਪ੍ਰਕਾਸ਼ ਕੌਰ ਕੋਟਲਾ ਸੂਬਾ ਸਿੰਘ ਅਤੇ ਹਰਭਜਨ ਕੌਰ ਤੁਗਲਵਾਲ ਵੀ ਹਾਜ਼ਰ ਸਨ।