ਲਾਰੈਂਸ ਗੈਂਗ ਦੀ ਅਰਵਿੰਦ ਕੇਜਰੀਵਾਲ ਨੂੰ ਧਮਕੀ , ਮੰਗੇ 7 ਕਰੋੜ ਰੁਪਏ

ਲਾਰੈਂਸ ਗੈਂਗ ਦੀ ਅਰਵਿੰਦ ਕੇਜਰੀਵਾਲ ਨੂੰ ਧਮਕੀ , ਮੰਗੇ 7 ਕਰੋੜ ਰੁਪਏ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਦੇ ਨਿੱਜੀ ਮੋਬਾਈਲ 'ਤੇ ਇੱਕ ਧਮਕੀ ਭਰਿਆ ਕਾਲ ਅਤੇ ਵਟਸਐਪ ਸੰਦੇਸ਼ ਆਇਆ ਹੈ, ਜਿਸ ਵਿੱਚ 7 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਮੋਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ ਇੱਕ FIR (ਐਫ.ਆਈ.ਆਰ ਨੰਬਰ: 0093, ਮਿਤੀ 07/11/2026) ਦਰਜ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵਿਧਾਇਕ ਜਰਨੈਲ ਸਿੰਘ ਦੀ ਸ਼ਿਕਾਇਤ ਅਨੁਸਾਰ, ਉਨ੍ਹਾਂ ਨੂੰ 6 ਨਵੰਬਰ 2026 ਨੂੰ ਸ਼ਾਮ ਕਰੀਬ 6:00 ਵਜੇ ਇੱਕ ਅਣਪਛਾਤੇ ਨੰਬਰ ਤੋਂ ਵਟਸਐਪ ਕਾਲ ਆਈ। ਕਾਲ ਕਰਨ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਅਤੇ ਕਿਹਾ ਕਿ ਇਹ ਸੁਨੇਹਾ ਅਰਵਿੰਦ ਕੇਜਰੀਵਾਲ ਲਈ ਹੈ। ਕਾਲ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਜੇਕਰ 7 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਬੇਟੀ ਹਰਸ਼ਿਤਾ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ, ਇਸੇ ਨੰਬਰ ਤੋਂ ਜਰਨੈਲ ਸਿੰਘ ਨੂੰ ਇੱਕ ਵਟਸਐਪ ਟੈਕਸਟ ਸੰਦੇਸ਼ ਵੀ ਭੇਜਿਆ ਗਿਆ, ਜਿਸ ਦਾ ਪ੍ਰੋਫਾਈਲ ਨਾਮ 'H' ਦਿਖਾਈ ਦੇ ਰਿਹਾ ਸੀ। ਸੰਦੇਸ਼ ਵਿੱਚ ਲਿਖਿਆ ਸੀ:"ਲਾਰੈਂਸ ਬਿਸ਼ਨੋਈ ਗੈਂਗ ਸੇ ਬੋਲ ਰਹਾ ਹੂੰ, ਅਰਵਿੰਦ ਕੇਜਰੀਵਾਲ ਕੋ ਬੋਲ ਦੇ 7 ਕਰੋੜ ਦੇ ਦੇ ਨਹੀਂ ਤੋ ਅਰਵਿੰਦ ਕੇਜਰੀਵਾਲ ਔਰ ਉਸਕੀ ਲੜਕੀ ਹਰਸ਼ਿਤਾ ਕੇਜਰੀਵਾਲ ਕੋ ਜਾਨ ਸੇ ਮਾਰ ਦੂੰਗਾ।"

ਇਸ ਗੰਭੀਰ ਧਮਕੀ ਤੋਂ ਬਾਅਦ, ਵਿਧਾਇਕ ਜਰਨੈਲ ਸਿੰਘ ਨੇ ਐਸ.ਐਸ.ਪੀ. ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ, ਮੋਹਾਲੀ ਸਾਈਬਰ ਕ੍ਰਾਈਮ ਪੁਲਿਸ ਨੇ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਮੁਲਜ਼ਮਾਂ ਖਿਲਾਫ ਭਾਰਤੀ ਨਿਆਏ ਸੰਹਿਤਾ (BNS), 2023 ਦੀਆਂ ਧਾਰਾਵਾਂ 308(4), 351(2), 351(3), 351(4), 111(2) ਅਤੇ ਇਨਫਰਮੇਸ਼ਨ ਟੈਕਨਾਲੋਜੀ (ਸੋਧ) ਐਕਟ 2008 ਦੀ ਧਾਰਾ 66D ਤਹਿਤ ਮਾਮਲਾ ਦਰਜ ਕਰ ਲਿਆ ਹੈ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਪ੍ਰਮੁੱਖ ਰਾਸ਼ਟਰੀ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹਨ, ਜਿਸ ਕਾਰਨ ਇਹ ਧਮਕੀ ਰਾਸ਼ਟਰੀ ਅਤੇ ਜਨਤਕ ਸੁਰੱਖਿਆ ਲਈ ਖਤਰਾ ਹੈ। ਪੁਲਿਸ ਹੁਣ ਕਾਲ ਡਿਟੇਲਸ (CDR), ਆਈਪੀ ਲੌਗਸ (IP logs) ਅਤੇ ਡਿਵਾਈਸ ਦੀ ਲੋਕੇਸ਼ਨ ਟ੍ਰੇਸ ਕਰਕੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਲਾਕੇ ਦੇ ਮੈਜਿਸਟ੍ਰੇਟ ਅਤੇ ਉੱਚ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।