- Updated: November 11, 2026 03:40 PM
ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕ ਅਤੇ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪਰਾਚਾ ’ਚ ਬੀਤੀ ਸ਼ਾਮ ਪਿੰਡ ਦੇ ਹੀ ਕਾਂਗਰਸੀ ਸਰਪੰਚ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੇ ਹੀ ਨੌਜਵਾਨ ਬਿਕਰਮ ਸਿੰਘ ਬਿੱਕੂ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਮ੍ਰਿਤਕ ਬਿਕਰਮ ਸਿੰਘ ਬਿੱਕੂ ਦੇ ਭਰਾ ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਦੇ ਹੀ ਸਰਪੰਚ ਜੋ ਕਿ ਕਾਂਗਰਸ ਪਾਰਟੀ ਦਾ ਹੈ, ਉਸ ਦੀ ਉਸ ਦੇ ਭਰਾ ਬਿਕਰਮ ਸਿੰਘ ਬਿੱਕੂ ਨਾਲ ਪੁਰਾਣੀ ਰੰਜਿਸ਼ ਸੀ। ਬੀਤੀ ਸ਼ਾਮ ਉਸ ਦਾ ਭਰਾ ਬਿਕਰਮਜੀਤ ਸਿੰਘ ਬਿੱਕੂ ਫਤਿਹਗੜ੍ਹ ਚੂੜੀਆਂ ਤੋਂ ਕਿਸੇ ਕੰਮ ਤੋਂ ਜਦ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਹੀ ਮੋੜ ਉੱਤੇ ਸਰਪੰਚ ਅਤੇ ਉਸ ਦੇ ਸਾਥੀ ਉਸ ਦਾ ਇੰਤਜ਼ਾਰ ਕਰ ਰਹੇ ਸਨ। ਜਦ ਉਹ ਉੱਥੇ ਪਹੁੰਚਿਆ ਤਾਂ ਉਸ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਜ਼ਖਮੀ ਹੋ ਗਿਆ। ਬਿਕਰਮ ਸਿੰਘ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਸਰਪੰਚ ਨਾਲ ਬਿਕਰਮ ਸਿੰਘ ਬਿੱਕੂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਕਈ ਦਿਨਾਂ ਤੋਂ ਉਸ ਉੱਪਰ ਹਮਲੇ ਦੀ ਤਾਕ ਵਿੱਚ ਸਨ। ਉਸ ਨੇ ਦੱਸਿਆ ਕਿ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੁਲਿਸ ਚੌਂਕੀ ਮਾਲੇਵਾਲ ’ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਇਨਸਾਫ ਚਾਹੁੰਦੇ ਹਨ।
ਇਸ ਸਬੰਧੀ ਥਾਣਾ ਮਾਲੇਵਾਲ ਚੌਂਕੀ ਦੇ ਇੰਚਾਰਜ ਨੰਦ ਲਾਲ ਭੱਟੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਜੋ ਵੀ ਬਣਦੀ ਕਾਰਵਾਈ ਹੋਏਗੀ, ਕਾਨੂੰਨ ਅਨੁਸਾਰ ਕੀਤੀ ਜਾਵੇਗੀ।