- Updated: November 12, 2026 05:13 PM
ਬੀਤੇ ਦਿਨੀਂ ਟਾਈਗਰ ਸ਼ਰਾਫ 'ਤੇ ਹੋਈ ਫਾਇਰਿੰਗ ਮਗਰੋਂ ਮੁੰਬਈ ਦੇ ਲੋਕ ਡਰ ਦੇ ਸਾਏ ਹੇਠ ਸਮਾਂ ਕੱਢ ਰਹੇ ਹਨ। ਇਸੇ ਦੌਰਾਨ ਇਕ ਹੋਰ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੁੰਬਈ ਦੀਆਂ ਕਈ ਅਹਿਮ ਥਾਂਵਾਂ, ਜਿਨ੍ਹਾਂ ਵਿੱਚ ਮੁੰਬਈ ਦੇ ਮੇਅਰ ਦਾ ਦਫ਼ਤਰ, ਅਦਾਕਾਰ ਅਮਿਤਾਭ ਬੱਚਨ ਦਾ ਬੰਗਲਾ, ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ, ਬੈਂਕ, ਅਦਾਲਤਾਂ ਅਤੇ ਮਹਾਲਕਸ਼ਮੀ ਰੇਸਕੋਰਸ ਸ਼ਾਮਲ ਹਨ, ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਇੱਕ ਤਾਜ਼ਾ ਈਮੇਲ ਮਿਲੀ ਹੈ, ਜਿਸ ਮਗਰੋਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਵੀਰਵਾਰ ਸਵੇਰੇ ਲਗਭਗ 10:12 ਵਜੇ ਮਿਲੀ ਇਸ ਈਮੇਲ ਤੋਂ ਬਾਅਦ ਬ੍ਰਿਹਨਮੁੰਬਈ ਨਗਰ ਨਿਗਮ (BMC) ਹੈੱਡਕੁਆਰਟਰ ਸਮੇਤ ਸਾਰੀਆਂ ਸਬੰਧਤ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਧਮਕੀ ਵਾਲੀ ਈਮੇਲ ਮਿਲਦਿਆਂ ਹੀ ਪੁਲਸ ਅਤੇ ਬੰਬ ਨਿਰੋਧਕ ਦਸਤਿਆਂ ਨੇ ਮੇਅਰ ਦਫ਼ਤਰ ਸਮੇਤ ਦੱਸੇ ਗਏ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਹਾਲਾਂਕਿ, ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ, ਜਿਸ ਤੋਂ ਬਾਅਦ ਆਮ ਵਾਂਗ ਕੰਮਕਾਜ ਜਾਰੀ ਰਿਹਾ।
ਹਾਲਾਂਕਿ ਅਜਿਹੀਆਂ ਧਮਕੀਆਂ ਪਹਿਲਾਂ ਵੀ ਮਿਲ ਚੁੱਕੀਆਂ ਹਨ, ਪਰ ਪਿਛਲੀਆਂ ਧਮਕੀਆਂ ਦੇ ਉਲਟ, ਇਸ ਵਾਰ ਈਮੇਲ 'ਚ ਮੁੰਬਈ ਦੇ ਕਈ ਜਨਤਕ ਸਥਾਨਾਂ ਅਤੇ ਅਦਾਰਿਆਂ ਦੇ ਨਾਂ ਲਿਖੇ ਗਏ ਹਨ ਅਤੇ ਮੈਸੇਜ 'ਚ "ਖਾਲਿਸਤਾਨ ਬੋਲੇਗਾ, ਮੁੰਬਈ ਜ਼ਿੰਦਾਬਾਦ" ਵਰਗੇ ਨਾਅਰੇ ਵੀ ਲਿਖੇ ਗਏ ਹਨ, ਜਿਸ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਫਿਲਹਾਲ ਮੁੰਬਈ ਪੁਲਸ ਅਤੇ ਸਾਈਬਰ ਜਾਂਚ ਏਜੰਸੀਆਂ ਵੱਲੋਂ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਇਸ ਪਿੱਛੇ ਲੁਕੇ ਮਕਸਦ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।