- Updated: September 15, 2023 11:13 AM
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਨਫਰਤੀ ਅਪਰਾਧ ਦੇ ਇਕ ਸਪੱਸ਼ਟ ਮਾਮਲੇ ਵਿਚ ਇਕ ਸਿੱਖ ਵਿਦਿਆਰਥੀ 'ਤੇ ਇਕ ਹੋਰ ਨੌਜਵਾਨ ਨਾਲ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ। ਇਹ ਜਾਣਕਾਰੀ ਵੀਰਵਾਰ ਨੂੰ ਇਕ ਖ਼ਬਰ 'ਚ ਦਿੱਤੀ ਗਈ। ਖ਼ਬਰ ਮੁਤਾਬਕ ਹਾਈ ਸਕੂਲ ਦੇ 17 ਸਾਲਾ ਵਿਦਿਆਰਥੀ 'ਤੇ ਹਮਲਾ ਹੋਇਆ ਹੈ। ਸੀ.ਟੀ.ਵੀ. ਨਿਊਜ਼ ਦੀ ਖ਼ਬਰ ਮੁਤਾਬਕ ਇਹ ਘਟਨਾ ਸੋਮਵਾਰ ਨੂੰ ਕੇਲੋਨਾ ਵਿੱਚ ਰਟਲੈਂਡ ਰੋਡ ਸਾਊਥ ਅਤੇ ਰੌਬਸਨ ਰੋਡ ਈਸਟ ਦੇ ਚੌਰਾਹੇ 'ਤੇ ਵਾਪਰੀ, ਜਿੱਥੇ ਹਾਈ ਸਕੂਲ ਦੇ ਵਿਦਿਆਰਥੀ ਨੂੰ ਕਥਿਤ ਤੌਰ 'ਤੇ "ਲੱਤ ਮਾਰੀ ਗਈ, ਮੁੱਕਾ ਮਾਰਿਆ ਅਤੇ ਮਿਰਚ ਸਪਰੇਅ ਕੀਤੀ ਗਈ।"
ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਿੱਖ ਵਿਦਿਆਰਥੀ ਘਰ ਜਾਣ ਲਈ ਇੱਕ ਜਨਤਕ ਆਵਾਜਾਈ ਬੱਸ ਤੋਂ ਉਤਰ ਰਿਹਾ ਸੀ। ਫਿਲਹਾਲ ਪੁਲਸ ਨੇ ਇਸ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂ.ਐੱਸ.ਓ.) ਨੇ ਦੋਸ਼ ਲਾਇਆ ਹੈ ਕਿ ਵਿਦਿਆਰਥੀ ਨਾਲ ਬੱਸ ਵਿਚ ਵੀ ਕੁੱਟਮਾਰ ਕੀਤੀ ਗਈ ਸੀ।
ਬ੍ਰਿਟਿਸ਼ ਕੋਲੰਬੀਆ ਦੀ ਡਬਲਯੂ.ਐੱਸ.ਓ. ਦੀ ਉਪ-ਪ੍ਰਧਾਨ ਗੁਣਤਾਸ ਕੌਰ ਦੇ ਹਵਾਲੇ ਨਾਲ ਖ਼ਬਰ ਵਿਚ ਕਿਹਾ ਗਿਆ, ''ਕੇਲੋਨਾ 'ਚ ਵਿਦਿਆਰਥੀ 'ਤੇ ਸੋਮਵਾਰ ਨੂੰ ਹੋਇਆ ਹਮਲਾ ਅਸਵੀਕਾਰਨਯੋਗ ਹੈ।'' ਇਸ ਸਾਲ ਸ਼ਹਿਰ 'ਚ ਜਨਤਕ ਵਾਹਨ 'ਚ ਕਿਸੇ ਸਿੱਖ ਨੌਜਵਾਨ 'ਤੇ ਹਿੰਸਾ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮਾਰਚ ਵਿੱਚ, ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਭਾਰਤ ਦੇ ਇੱਕ ਸਿੱਖ ਵਿਦਿਆਰਥੀ ਗਗਨਦੀਪ ਸਿੰਘ (21) ਉੱਤੇ ਅਣਪਛਾਤੇ ਲੋਕਾਂ ਦੇ ਇੱਕ ਸਮੂਹ ਨੇ ਹਮਲਾ ਕੀਤਾ ਸੀ।