- Updated: March 20, 2026 06:44 PM
ਅੰਮ੍ਰਿਤਸਰ ਦੇ ਦਿਹਾਤੀ ਇਲਾਕੇ 'ਚ ਪਿਛਲੇ ਦਿਨੀਂ ਹੋਏ ਔਰਤ ਦੇ ਕਤਲ ਮਾਮਲੇ 'ਚ ਪੁਲਸ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੁਲਸ ਅਨੁਸਾਰ ਇੱਕ ਪੁੱਤ ਨੇ ਹੀ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੀ ਮਾਂ ਦਾ ਕਤਲ ਕਰਵਾ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਸ ਨੇ ਮ੍ਰਿਤਕਾ ਦੇ ਪੁੱਤਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵਾਰਦਾਤ 14 ਮਾਰਚ 2026 ਨੂੰ ਪਿੰਡ ਮੋਹਨ-ਭੰਡਾਰੀਆਂ ਵਿੱਚ ਵਾਪਰੀ ਸੀ। 65 ਸਾਲਾ ਪਰਮਜੀਤ ਕੌਰ ਆਪਣੇ ਨਿਰਮਾਣ ਅਧੀਨ ਮਕਾਨ ਵਿੱਚ ਮੌਜੂਦ ਸੀ। ਦੁਪਹਿਰ ਵੇਲੇ ਜਦੋਂ ਕੰਮ 'ਤੇ ਲੱਗੇ ਮਿਸਤਰੀ ਅਤੇ ਮਜ਼ਦੂਰ ਰੋਟੀ ਖਾਣ ਲਈ ਗਏ ਹੋਏ ਸਨ, ਤਾਂ ਪਿੱਛੋਂ ਪਰਮਜੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਉਸ ਦੇ ਸਰੀਰ ਤੋਂ ਸੋਨੇ ਦੇ ਗਹਿਣੇ ਵੀ ਗਾਇਬ ਸਨ।
ਅੰਮ੍ਰਿਤਸਰ ਦਿਹਾਤੀ ਪੁਲਸ ਨੇ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਅਤੇ ਦੋ ਮੁਲਜ਼ਮਾਂ, ਹਰਮਨਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ, ਸੋਨੇ ਦੇ ਗਹਿਣੇ ਅਤੇ ਕਤਲ ਲਈ ਵਰਤੀ ਗਈ ਤਾਰ ਬਰਾਮਦ ਕੀਤੀ ਗਈ ਹੈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਕਤਲ ਮ੍ਰਿਤਕਾ ਦੇ ਪੁੱਤਰ ਸੁਮਨਦੀਪ ਸਿੰਘ ਦੇ ਕਹਿਣ 'ਤੇ ਕੀਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਮਨਦੀਪ ਸਿੰਘ ਦਾ ਆਪਣੀ ਮਾਂ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਹ ਚਾਹੁੰਦਾ ਸੀ ਕਿ ਨਵਾਂ ਬਣ ਰਿਹਾ ਘਰ ਉਸ ਦੇ ਨਾਂ ਕੀਤਾ ਜਾਵੇ, ਪਰ ਮਾਂ ਦੇ ਮਨ੍ਹਾ ਕਰਨ 'ਤੇ ਉਸ ਨੇ ਕਿਰਾਏ ਦੇ ਕਾਤਲਾਂ ਨੂੰ ਪੈਸੇ ਦੇ ਕੇ ਆਪਣੀ ਮਾਂ ਦਾ ਕਤਲ ਕਰਵਾ ਦਿੱਤਾ। ਪੁਲਸ ਨੇ ਸੁਮਨਦੀਪ ਸਿੰਘ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।