ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਦੀ ਸਿਆਸਤ ‘ਚ ਐਂਟਰੀ,ਬਣੇ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਪ੍ਰਧਾਨ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਦੀ ਸਿਆਸਤ ‘ਚ ਐਂਟਰੀ,ਬਣੇ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਪ੍ਰਧਾਨ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤ ਨੇ ਵੀ ਸਿਆਸਤ ਵਿੱਚ ਐਂਟਰੀ ਕਰ ਲਈ ਹੈ। ਨਵਜੀਤ ਸਿੰਘ ਜ਼ਿਲ੍ਹਾ ਯੂਥ ਕਾਂਗਰਸ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਬਣ ਗਿਆ ਹੈ। ਉਹ 12416 ਵੋਟਾਂ ਨਾਲ ਜੇਤੂ ਰਿਹਾ। ਉਸ ਦੇ ਵਿਰੋਧੀ ਉਮੀਦਵਾਰ ਨੂੰ 1500 ਤੋਂ ਘੱਟ ਵੋਟਾਂ ਮਿਲੀਆਂ। ਇਸੇ ਤਰ੍ਹਾਂ ਹਲਕਾ ਯੂਥ ਕਾਂਗਰਸ ਚਮਕੌਰ ਸਾਹਿਬ ਦੇ ਗੁਰਵਿੰਦਰ ਸਿੰਘ ਅੰਜਾ ਧਨੋਰੀ ਨੂੰ ਯੂਥ ਕਾਂਗਰਸ ਹਲਕਾ ਪ੍ਰਧਾਨ ਚੁਣਿਆ ਗਿਆ ਹੈ।

ਉਸ ਨੂੰ 5721 ਵੋਟਾਂ ਮਿਲੀਆਂ ਹਨ। ਇਸ ਮੌਕੇ ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲੇਰਾਂ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਖੁਸ਼ਹਾਲ ਸਿੰਘ, ਹਲਕਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਕਕਰਾਲੀ, ਸੀ.ਐਮ ਚੰਨੀ ਦੇ ਸੋਸ਼ਲ ਮੀਡੀਆ ਇੰਚਾਰਜ ਹਰਪਿੰਦਰ ਸਿੰਘ ਰਾਣਾ ਆਦਿ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਸਮੇਂ ਵਿਰੋਧੀ ਧਿਰ ਵਿਚ ਹੈ ਇਸ ਲਈ ਇਹ ਚੁਣੇ ਹੋਏ ਆਗੂ ਆਪਣੀ ਟੀਮ ਨਾਲ ਜਨਤਾ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਹਰ ਸੰਘਰਸ਼ ਕਰਨਗੇ। ਨਵੇਂ ਚੁਣੇ ਗਏ ਪ੍ਰਧਾਨ ਨਵਜੀਤ ਸਿੰਘ ਸਿੰਘ ਨਵੀ ਅਤੇ ਹਲਕਾ ਪ੍ਰਧਾਨ ਗੁਰਵਿੰਦਰ ਸਿੰਘ ਅਨੇਜਾ ਨੇ ਯੂਥ ਕਾਂਗਰਸ ਦੇ ਵੋਟਰਾਂ ਦਾ ਧੰਨਵਾਦ ਕੀਤਾ।

ਸਾਬਕਾ ਸੀਨੀਅਰ ਕਾਂਗਰਸੀ ਆਗੂ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਮੋਹਿਤ ਨੂੰ 240600 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਉਮੀਦਵਾਰ ਅਕਸ਼ੈ ਸ਼ਰਮਾ ਨੂੰ 175437 ਵੋਟਾਂ ਮਿਲੀਆਂ। ਮੋਹਿਤ ਮਹਿੰਦਰਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੇਸ਼ੇ ਅਤੇ ਅਭਿਆਸ ਤੋਂ ਇੱਕ ਵਕੀਲ ਹੈ। ਇਸ ਦੇ ਨਾਲ ਹੀ ਜਲੰਧਰ ਦੇ ਨੌਜਵਾਨ ਆਗੂ ਦੀਪਕ ਖੋਸਲਾ ਸੂਬਾ ਜਨਰਲ ਸਕੱਤਰ ਬਣ ਗਿਆ ਹੈ। ਅੰਗਦ ਦੱਤਾ ਅਤੇ ਹਨੀ ਜੋਸ਼ੀ ਨੇ ਵੀ ਸੂਬਾ ਸਕੱਤਰ ਦਾ ਅਹੁਦਾ ਜਿੱਤਿਆ ਹੈ।