- Updated: July 22, 2026 07:38 PM
ਹਸਪਤਾਲ ਵਿਚ ਭਰਤੀ ਸੋਨਮ ਵਾਂਗੁਕ ਨੇ ਅੱਜ ਕੇਂਦਰੀ ਮੰਤਰੀ ਜੇ.ਪੀ ਨੱਢਾ ਤੇ ਜੀਤੇਂਦਰ ਸਿੰਘ ਨੂੰ ਚਿੱਠੀ ਲਿਖੀ। ਜਿਸ ਵਿਚ ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਖਤਮ ਕਰਨ ਨੂੰ ਲੈ ਕੇ ਸਰਕਾਰ ਅੱਗੇ ਕੁਝ ਮੰਗਾਂ ਰੱਖੀਆਂ। ਉਨ੍ਹਾਂ ਕਿਹਾ ਕਿ ਪੇਪਰ ਲੀਕ ਹੋਣ ਮਗਰੋਂ ਜਾਨ ਦੇਣ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਸਿੱਖਿਆ ਮੰਤਰੀ ਦੇ ਅਸਤੀਫ਼ੇ ‘ਤੇ ਵਿਚਾਰ ਕਰਨ ਸਣੇ ਪੂਰੀ ਜਵਾਬਦੇਹੀ ਤੈਅ ਕਰਨ ਲਈ ਸੰਸਦ ‘ਚ ਚਰਚਾ ਹੋਵੇ। ਸੰਸਦ ਚਲੋ ਅੰਦੋਲਨ ‘ਚ ਹਿੱਸਾ ਲੈਣ ਵਾਲੇ ਨੌਜਵਾਨਾਂ ‘ਤੇ ਕੋਈ ਐਕਸ਼ਨ ਨਾ ਹੋਵੇ ਤੇ ਜੇ ਸਰਕਾਰ ਲਿਖਤੀ ਰੂਪ ‘ਚ ਭਰੋਸਾ ਦਿੰਦੀ ਹੈ ਤਾਂ ਮੈਂ ਭੁੱਖ ਹੜਤਾਲ ਖਤਮ ਕਰ ਲਵਾਂਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ CJP ਦੇ ਆਗੂ ਅਭਿਜੀਤ ਦੀਪਕੇ ਨੇ ਸੋਨਮ ਵਾਂਗਚੁਕ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੀ ਲੋੜ ਹੈ। ਉੁਨ੍ਹਾਂ ਕਿਹਾ ਕਿ ਸੋਨਮ ਸਰ ਤੁਸੀਂ ਆਪਣੀ ਭੁੱਖ ਹੜਤਾਲ ਖਤਮ ਕਰ ਦਿਓ। ਤੁਹਾਡੀ ਕੁਰਬਾਨੀ ਨੇ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ ਪਰ ਇਸ ਸਮੇਂ ਸਾਨੂੰ ਤੁਹਾਡੀ ਸਿਹਤ ਦੀ ਚਿੰਤਾ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਇਹ ਸੰਘਰਸ਼ ਤੁਹਾਡੇ ਭੁੱਖ ਹੜਤਾਲ ਖਤਮ ਕਰਨ ਦੇ ਨਾਲ ਖਤਮ ਨਹੀਂ ਹੋਵੇਗਾ। ਅਸੀਂ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਜ਼ਿਕਰਯੋਗ ਹੈ ਕਿ ਕਾਕਰੋਚ ਜਨਤਾ ਪਾਰਟੀ ਨੇ ਸਰਕਾਰ ਵੱਲੋਂ ਗੱਲਬਾਤ ਦੀ ਪੇਸ਼ਕਸ਼ ਠੁਕਰਾ ਦਿੱਤੀ। CJP ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਉਹ ਗੱਲਬਾਤ ਲਈ ਕਿਸੇ ਦੇ ਘਰ ਜਾਂ ਦਫਤਰ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਜੰਤਰ-ਮੰਤਰ ਆਏ ਜਾਂ ਉਸ ਦੇ ਆਸ-ਪਾਸ ਕਿਸੇ ਥਾਂ ‘ਤੇ ਬੈਠਕ ਕਰੇ।