- Updated: May 25, 2026 11:58 AM
ਹਰਿਆਣਾ ਦੇ ਸੋਨੀਪਤ ਦੇ ਕੁੰਡਲੀ ਸਥਿਤ ਟੀਡੀਆਈ ਸਿਟੀ ਦੀ ਬੀਪੀਐੱਲ ਫਲੈਟਸ ਵਿਚ ਦੇਰ ਰਾਤ ਟ੍ਰਿਪਲ ਮਰਡਰ ਹੋ ਗਿਆ। ਹਮਲਾਵਰ ਨੇ ਲੋਹੇ ਦੀ ਰਾਡ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪਤੀ-ਪਤਨੀ ਸਣੇ 3 ਲੋਕਾਂ ਦਾ ਕਤਲ ਕਰ ਦਿੱਤਾ। ਵਾਰਦਾਤ ਦੇ ਬਾਅਦ ਫਲੈਟਸ ਵਿਚ ਚੀਕ-ਚਿਹਾੜਾ ਮਚ ਗਈ ਤੇ ਆਸ-ਪਾਸ ਦੇ ਲੋਕ ਸਹਿਮ ਗਏ। ਸੂਚਨਾ ਮਿਲਦੇ ਹੀ ਕੁੰਡਲੀ ਥਾਣਾ ਪੁਲਿਸ ਤੇ FSL ਟੀਮ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਗੁਆਂਢੀਆਂ ਨੇ ਮੁਲਜ਼ਮ ਦੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਟੋਕਿਆ ਸੀ, ਇਸ ‘ਤੇ ਝਗੜਾ ਹੋਇਆ ਤੇ ਉਸ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।
ਮੁਲਜ਼ਮ ਦੀ ਪਛਾਣ ਬ੍ਰਹਮਪ੍ਰਕਾਸ਼ ਵਜੋਂ ਹੋਈ ਹੈ ਜੋ ਮੂਲ ਤੌਰ ਤੋਂ ਝੱਜਰ ਜ਼ਿਲ੍ਹੇ ਦੇ ਜਸੋਰ ਖੇੜੀ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਦਿੱਲੀ ਪੁਲਿਸ ਤੋਂ ਬਰਖਾਸਤ ਦੱਸਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਲਗਭਗ 11.30 ਵਜੇ ਟੀਡੀਆਈ ਸਿਟੀ ਕੁੰਡਲੀ ਦੇ ਬੀਪੀਐੱਲ ਫਲੈਟਸ ਵਿਚ ਅਚਾਨਕ ਵਿਵਾਦ ਇੰਨਾ ਵਧ ਗਿਆ ਕਿ ਮੁਲਜ਼ਮ ਬ੍ਰਹਮਪ੍ਰਕਾਸ਼ ਨੇ ਹਿੰਸਕ ਰੂਪ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਬ੍ਰਹਮਪ੍ਰਕਾਸ਼ ਦੇ ਕਿਸੇ ਮਹਿਲਾ ਦੇ ਨਾਲ ਨਾਜਾਇਜ਼ ਸਬੰਧ ਸਨ। ਇਸ ਨੂੰ ਲੈ ਕੇ ਗੁਆਂਢੀਆਂ ਨੂੰ ਇਤਰਾਜ਼ ਸੀ। ਪਹਿਲਾਂ ਵੀ ਕਈ ਵਾਰ ਝਗੜੇ ਹੋ ਚੁੱਕੇ ਸਨ। ਇਸ ਗੱਲ ਨੂੰ ਲੈ ਕੇ ਦੇਰ ਰਾਤ ਵੀ ਕਿਹਾ-ਸੁਣੀ ਹੋਈ ਤੇ ਉਸ ਨੇ ਹਮਲਾ ਕਰ ਦਿੱਤਾ।
ਹਮਲੇ ਵਿਚ ਵਿਜੇ ਤੇ ਉਸ ਦੀ ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ। ਦੋਵੇਂ ਮੂਲ ਤੌਰ ਤੋਂ ਸੋਨੀਪਤ ਦੇ ਕੋਰਟ ਮੁਹੱਲਾ ਵਾਸੀ ਸਨ। ਤੀਜੀ ਮ੍ਰਿਤਕਾ ਦੀ ਪਛਾਣ 32 ਸਾਲਾ ਸਵਾਤੀ ਵਜੋਂ ਹੋਈ ਹੈ ਜਿਸ ਦਾ ਵਿਆਹ ਵੀਰੇਂਦਰ ਨਾਲ ਹੋਇਆ ਸੀ। ਸਵਾਤੀ ਪਿੰਡ ਬੜੌਲੀ ਦੀ ਰਹਿਣ ਵਾਲੀ ਸੀ ਤੇ ਹੁਣੇ ਜਿਹੇ ਟੀਡੀਆਈ ਦੇ ਬੀਪੀਐੱਲ ਫਲੈਟ ਨੰਬਰ 1431 ਦੀ ਦੂਜੀ ਮੰਜ਼ਿਲ ‘ਤੇ ਰਹਿ ਰਹੀ ਸੀ।
ਝਗੜੇ ਦੌਰਾਨ ਮੁਲਜ਼ਮ ਬ੍ਰਹਮਪ੍ਰਕਾਸ਼ ਨੇ ਲੋਹੇ ਦੀ ਰਾਡ ਨਾਲ ਤੇ ਤੇਜ਼ਧਾਰ ਹਥਿਆਰ ਨਾਲ ਮਹਿਲਾਵਾਂ ‘ਤੇ ਹਮਲਾ ਕੀਤਾ ਤੇ ਫਿਰ ਵਿਜੇ ਨੂੰ ਨਿਸ਼ਾਨਾ ਬਣਾਇਆ, ਤਿੰਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਸਥਾਨਕ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਦਿੱਲੀ ਪੁਲਿਸ ਵਿਚ ਤਾਇਨਾਤ ਸੀ ਪਰ ਬਾਅਦ ਵਿਚ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਉਸ ਦਾ ਵਿਵਹਾਰ ਕਾਫੀ ਹਮਲਾਵਰ ਸੀ ਤੇ ਇਲਾਕੇ ਵਿਚ ਉਸ ਦਾ ਵਿਵਾਦ ਚੱਲਦਾ ਰਹਿੰਦਾ ਸੀ। ਪੁਲਿਸ ਹੁਣ ਮੁਲਜ਼ਮ ਦੇ ਅਪਰਾਧਿਕ ਰਿਕਾਰਡ ਤੇ ਪੂਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।