ਮਾਂ-ਧੀ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ

ਮਾਂ-ਧੀ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ

ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦੇ ਮਾਮਲੇ 'ਚ ਗੁਰੂਹਰਸਹਾਏ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ 'ਤੇ ਮਾਂ-ਧੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਥਾਣਾ ਗੁਰੂਹਰਸਹਾਏ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਬਸਤੀ ਸ਼ਾਹ ਵਾਲਾ ਬਰਾੜ ਨੇ ਦੱਸਿਆ ਕਿ ਉਸਦੇ ਮ੍ਰਿਤਕ ਭਰਾ ਜਗਦੀਸ਼ ਸਿੰਘ ਦੀ ਕੁੱਝ ਸਮਾਂ ਪਹਿਲਾਂ ਦੋਸ਼ੀ ਕਮਲੇਸ਼ ਰਾਣੀ ਪਤਨੀ ਭੋਲਾ ਅਤੇ ਉਸਦੀ ਧੀ ਰੀਨਾ ਰਾਣੀ ਵਾਸੀ ਸ਼ਰੀਫ ਵਾਲਾ ਰੋਡ ਨੇੜੇ ਗੁਦਾਮ ਗੁਰੂਹਰਸਹਾਏ ਨਾਲ ਜਾਣ-ਪਛਾਣ ਹੋਈ ਸੀ। 14 ਅਗਸਤ ਨੂੰ ਦੁਪਹਿਰ 2 ਵਜੇ ਦੇ ਕਰੀਬ ਉਸਦਾ ਭਰਾ ਦੋਸ਼ੀਆਂ ਦੇ ਘਰ ਗਿਆ ਸੀ, ਜਿੱਥੇ ਦੋਸ਼ੀ ਮਾਂ-ਧੀ ਨਾਲ ਉਸਦਾ ਝਗੜਾ ਹੋਇਆ ਅਤੇ ਦੋਸ਼ੀਆਂ ਨੇ ਉਸਦੇ ਮ੍ਰਿਤਕ ਭਰਾ ਜਗਦੀਸ਼ ਦਾ ਮੋਬਾਇਲ ਫੋਨ ਖੋਹ ਕੇ ਆਪਣੇ ਕੋਲ ਰੱਖ ਲਿਆ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਉਸਦਾ ਭਰਾ ਕਾਫੀ ਪਰੇਸ਼ਾਨ ਰਹਿੰਦਾ ਸੀ ਅਤੇ ਉਸਨੇ ਕਮਲੇਸ਼ ਰਾਣੀ ਅਤੇ ਰੀਨਾ ਰਾਣੀ ਤੋਂ ਤੰਗ ਆ ਕੇ ਬੀਤੇ ਦਿਨ ਕੋਈ ਜ਼ਹਿਰੀਲੀ ਵਸਤੂ ਖਾ ਲਈ ਸੀ ਅਤੇ ਉਸ ਤੋਂ ਬਾਅਦ ਜਦੋਂ ਉਹ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ ਤਾਂ ਸੜਕ 'ਤੇ ਡਿੱਗ ਪਿਆ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ 3 ਵਜੇ ਉਸਨੂੰ ਕਿਸੇ ਦਾ ਫੋਨ ਆਇਆ, ਜਿਸਨੇ ਦੱਸਿਆ ਕਿ ਤੁਹਾਡਾ ਭਰਾ ਸੜਕ 'ਤੇ ਡਿੱਗਿਆ ਹੋਇਆ ਹੈ। ਜਿਸ 'ਤੇ ਪੀੜਤ ਨੇ ਜਾ ਕੇ ਦੇਖਿਆ ਤਾਂ ਜਗਦੀਸ਼ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਸ ਵੱਲੋਂ ਮਾਂ-ਧੀ ਨੂੰ ਗ੍ਰਿਫ਼ਤਾਰ ਕਰਨ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।