- Updated: November 30, 2023 08:57 AM
ਜ਼ੀਰਾ ਦੀ ਅਦਾਲਤ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਰੀ ਕਰ ਦਿਤਾ ਹੈ। ਦਰਅਸਲ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਆਗੂਆਂ ਵਲੋਂ ਦਸੰਬਰ 2017 ਦੌਰਾਨ ਹਰੀਕੇ ਪੱਤਣ ਨੈਸ਼ਨਲ ਹਾਈਵੇ ’ਤੇ ਧਰਨਾ ਦਿਤਾ ਗਿਆ ਸੀ। ਇਹ ਧਰਨਾ ਸਾਰੀ ਰਾਤ ਚਲਦਾ ਰਿਹਾ ਸੀ। ਇਸ ਦੇ ਚਲਦੇ ਪੁਲਿਸ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਅਦਾਲਤ ਨੇ ਇਸ ਮਾਮਲੇ ਵਿਚ ਸੁਖਬੀਰ ਬਾਦਲ ਨੂੰ ਬਰੀ ਕਰ ਦਿਤਾ ਹੈ। ਅਦਾਲਤ ਦੇ ਇਸ ਫ਼ੈਸਲੇ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਪ੍ਰਕਿਰਿਆ ’ਤੇ ਪੂਰਾ ਭਰੋਸਾ ਹੈ ਅਤੇ ਅੱਜ ਇਹ ਭਰੋਸਾ ਹੋਰ ਵੀ ਪੱਕਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਵਾਰ ਫਿਰ ਸੱਚਾਈ ਦੀ ਜਿੱਤ ਹੋਈ ਹੈ।
ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਦੇ ਫ਼ੈਸਲੇ ਨੂੰ ਸੱਚਾਈ ਦੀ ਜਿੱਤ ਦਸਦਿਆਂ ਕਿਹਾ ਕਿ ਇਹ ਪਰਚਾ ਸਿਆਸੀ ਰੰਜਿਸ਼ ਦੇ ਚਲਦਿਆਂ ਨਜਾਇਜ਼ ਤੌਰ ’ਤੇ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਕਾਂਗਰਸ ਪਾਰਟੀ ਨੇ ਧੱਕਾ ਕੀਤਾ ਸੀ, ਜਿਸ ਕਾਰਨ ਸਾਨੂੰ ਧਰਨਾ ਲਗਾਉਣਾ ਪਿਆ। ਅਸੀਂ ਸ਼ਾਂਤਮਈ ਵਾਹਿਗੁਰੂ ਜਾਪ ਕਰਦਿਆਂ ਧਰਨਾ ਦਿਤਾ ਸੀ ਪਰ ਸਾਡੇ ’ਤੇ ਝੂਠਾ ਪਰਚਾ ਦਰਜ ਕੀਤਾ ਗਿਆ।