ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਭੈਣ ਸ਼ਵੇਤਾ ਦੇ ਹੈਰਾਨੀਜਨਕ ਦਾਅਵੇ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਭੈਣ ਸ਼ਵੇਤਾ ਦੇ ਹੈਰਾਨੀਜਨਕ ਦਾਅਵੇ

ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਛੇ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਇਹ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਅਦਾਕਾਰ ਦੇ ਪੋਸਟਮਾਰਟਮ ਨਾਲ ਜੁੜਿਆ ਇੱਕ ਵੱਡਾ ਦਾਅਵਾ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਪੋਸਟਮਾਰਟਮ ਵੇਲੇ ਸੁਸ਼ਾਂਤ ਦੀ ਪੈਰ ਦੀ ਹੱਡੀ ਟੁੱਟੀ ਹੋਈ, ਅੱਖ ਦੇ ਕੋਲ ਸੱਟ ਦੇ ਨਿਸ਼ਾਨ ਤੇ ਗਲੇ ਵਿਚ ਸਟਨ ਗਨ ਦੇ ਵੀ ਨਿਸ਼ਾਨ ਬਣੇ ਹੋਏ ਸਨ।

ਸ਼ਵੇਤਾ ਸਿੰਘ ਕੀਰਤੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ, “ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਭਰਾ ਨਾਲ ਜੋ ਹੋਇਆ ਉਹ ਗਲਤ ਸੀ। ਸਾਨੂੰ ਹਾਲ ਹੀ ਵਿੱਚ ਪਤਾ ਲੱਗਾ ਹੈ ਕਿ ਮੇਰੇ ਭਰਾ ਦਾ ਪੋਸਟਮਾਰਟਮ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਸ ‘ਤੇ ਸਟਨ ਗਨ ਦੀ ਵਰਤੋਂ ਕੀਤੀ ਗਈ ਸੀ। ਉਸ ਦੇ ਪੈਰ ਟੁੱਟੇ ਹੋਏ ਸਨ। ਉਸ ‘ਤੇ ਕਾਫੀ ਸਾਰਾ ਫੋਰਸ ਲਾਇਆ ਗਿਆ ਸੀ। ਅੱਖਾਂ ਵਿਚ ਵੀ ਸੱਟ ਲੱਗੀ ਸੀ।

ਸ਼ਵੇਤਾ ਸਿੰਘ ਕੀਰਤੀ ਨੇ ਅੱਗੇ ਕਿਹਾ, “ਤੁਸੀਂ ਸਾਰੇ ਸੋਚਦੇ ਹੋ ਕਿ ਮੇਰੇ ਭਰਾ ਨਾਲ ਜੋ ਹੋਇਆ ਉਹ ਗਲਤ ਸੀ, ਇਹ ਸਪੱਸ਼ਟ ਤੌਰ ‘ਤੇ ਗਲਤ ਸੀ। ਅਸੀਂ ਸਾਰੇ ਆਪਣੇ ਦਿਲਾਂ ਵਿੱਚ ਜਾਣਦੇ ਹਾਂ ਕਿ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਉਸਦੀ ਭੈਣ ਹਾਂ; ਮੈਨੂੰ ਪਤਾ ਹੈ ਕਿ ਸਾਡੇ ਕਿਸੇ ਕਰੀਬੀ ਨਾਲ ਅਜਿਹਾ ਕੁਝ ਹੋ ਜਾਵੇ ਤਾਂ ਕਿਹੋ ਜਿਹਾ ਲੱਗਦਾ ਹੈ। ਜਦੋਂ ਸਾਡੇ ਨਾਲ ਅਜਿਹਾ ਹੁੰਦਾ ਹੈ, ਤਾਂ ਅਸੀਂ ਮਾਫ਼ ਕਰ ਸਕਦੇ ਹਾਂ, ਪਰ ਜਦੋਂ ਸਾਡੇ ਕਿਸੇ ਕਰੀਬੀ ਨਾਲ ਅਜਿਹਾ ਹੁੰਦਾ ਹੈ, ਤਾਂ ਇਸਨੂੰ ਭੁੱਲਣ ਲਈ ਬਹੁਤ ਹਿੰਮਤ ਦੀ ਲੋੜ ਹੁੰਦੀ ਹੈ।

ਵੀਡੀਓ ਦੇ ਅਖੀਰ ਵਿੱਚ ਸ਼ਵੇਤਾ ਨੇ ਲੋਕਾਂ ਨੂੰ ਨਫ਼ਰਤ ਜਾਂ ਬਦਲਾ ਨਾ ਲੈਣ ਦੀ ਅਪੀਲ ਕੀਤੀ। ਉਸਨੇ ਸਾਰੇ ਪ੍ਰਸ਼ੰਸਕਾਂ ਨੂੰ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਦੀ ਵੀ ਅਪੀਲ ਕੀਤੀ। ਵੀਡੀਓ ਦੇ ਕੈਪਸ਼ਨ ਵਿੱਚ, ਸ਼ਵੇਤਾ ਨੇ ਲਿਖਿਆ, “ਮੈਂ ਇਹ ਨਹੀਂ ਕਹਿ ਰਹੀ ਕਿ ਨਿਆਂ ਅਤੇ ਹੱਕ ਲਈ ਨਾ ਲੜੋ, ਮੈਂ ਕਹਿ ਰਹੀ ਹਾਂ ਕਿ ਇਸ ਨੂੰ ਪਿਆਰ ਦੀ ਭਾਵਨਾ ਨਾਲ ਕਰੋ, ਬਦਲੇ ਦੀ ਨਹੀਂ।”

Image

ਦੱਸ ਦੇਈਏ ਕਿ ਸ਼ਵੇਤਾ ਸਿੰਘ ਕੀਰਤੀ ਨੇ ਕਿਤੇ ਵੀ ਸਪੱਸ਼ਟ ਨਹੀਂ ਕੀਤਾ ਹੈ ਕਿ ਪੋਸਟਮਾਰਟਮ ਕਰਨ ਵਾਲੇ ਵਿਅਕਤੀ ਨੇ ਉਸ ਨਾਲ ਜਾਂ ਕਿਸੇ ਹੋਰ ਅਧਿਕਾਰੀ ਨਾਲ ਗੱਲ ਕੀਤੀ ਹੈ। ਨਾ ਹੀ ਉਸ ਨੇ ਇਨ੍ਹਾਂ ਦਾਅਵਿਆਂ ਨਾਲ ਜੁੜੇ ਕੋਈ ਸਬੂਤ ਵਿਖਾਏ ਹਨ। 

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ, 2020 ਨੂੰ ਬਾਂਦਰਾ ਸਥਿਤ ਆਪਣੇ ਘਰ ਵਿੱਚ ਰਹੱਸਮਈ ਢੰਗ ਨਾਲ ਮ੍ਰਿਤਕ ਪਾਇਆ ਗਿਆ ਸੀ। ਸ਼ੁਰੂ ਵਿੱਚ ਇਹ ਮਾਮਲਾ ਖੁਦਕੁਸ਼ੀ ਜਾਪਦਾ ਸੀ, ਪਰ ਬਾਅਦ ਵਿੱਚ, ਪਰਿਵਾਰ ਦੀ ਸ਼ਿਕਾਇਤ, ਮੀਡੀਆ ਦੇ ਦਬਾਅ ਅਤੇ ਵਿਰੋਧੀ ਪਾਰਟੀਆਂ ਦੇ ਕਾਰਨ, ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ। ਸੀਬੀਆਈ ਦੀ ਕਲੋਜ਼ਰ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮੌਤ ਦਾ ਅਸਲ ਕਾਰਨ ਖੁਦਕੁਸ਼ੀ ਸੀ।