- Updated: October 14, 2025 06:33 PM
ਪਿਛਲੇ 1 ਸਾਲ ਤੋਂ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਘਿਰੀ ਸਸਪੈਂਡ ਮਹਿਲਾ ਪੁਲਸ ਇੰਸਪੈਕਟਰ ਨੇ ਅੱਜ ਮੋਗਾ ਦੀ ਅਦਾਲਤ 'ਚ ਸਿਰੰਡਰ ਕਰ ਦਿੱਤਾ ਹੈ। ਭਗੌੜੀ ਐਲਾਨੇ ਜਾਣ ਮਗਰੋਂ ਸਸਪੈਂਡ ਇੰਸਪੈਕਟਰ ਖ਼ਿਲਾਫ਼ ਧਾਰਾ 209 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸਦੇ ਖ਼ਿਲਾਫ਼ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ’ਚ ਭ੍ਰਿਸ਼ਟਾਚਾਰ ਐਕਟ ਅਧੀਨ ਵੀ ਕੇਸ ਦਰਜ ਸੀ। ਦੱਸਣਯੋਕ ਹੈ ਕਿ ਸਾਬਕਾ ਇੰਚਾਰਜ ਅਰਸ਼ਪ੍ਰੀਤ ਕੌਰ ਖ਼ਿਲਾਫ਼ 23 ਅਕਤੂਬਰ 2024 ਨੂੰ ਨਸ਼ਾ ਤਸਕਰ ਨੂੰ ਛੱਡਣ ਦੇ ਬਦਲੇ 5 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ ਦਰਜ ਹੋਇਆ ਸੀ।
ਇਸ ਤੋਂ ਬਾਅਦ ਉਕਤ ਮਹਿਲਾ ਪੁਲਸ ਅਧਿਕਾਰੀ ਫਰਾਰ ਚੱਲ ਰਹੀ ਸੀ। ਉਸਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਵੀ ਰੱਦ ਹੋ ਚੁੱਕੀ ਹੈ। ਕੇਸ ਦਰਜ ਹੋਣ ਤੋਂ ਬਾਅਦ ਉਹ ਅਦਾਲਤ ਵਿਚ ਹਾਜ਼ਰ ਨਹੀਂ ਹੋਈ, ਜਿਸ ਕਰਕੇ ਉਸਨੂੰ ਅਦਾਲਤ ਨੇ ਭਗੌੜੀ ਐਲਾਨ ਦਿੱਤਾ ਸੀ। ਥਾਣਾ ਕੋਟਈ-ਸੇ-ਖਾਂ ਵਿਚ ਅਰਸ਼ਪ੍ਰੀਤ ਕੌਰ ਖ਼ਿਲਾਫ਼ ਧਾਰਾ 209 ਹੇਠ ਕੇਸ ਦਰਜ ਹੋਇਆ ਸੀ।
ਪੁਲਸ ਅਨੁਸਾਰ 1 ਅਕਤੂਬਰ 2024 ਨੂੰ ਮੁਖਬਿਰ ਦੀ ਸੂਚਨਾ 'ਤੇ ਥਾਣਾ ਕੋਟ-ਈਸੇ-ਖਾਂ ਦੀ ਪੁਲਸ ਨੇ ਅਮਰਜੀਤ ਸਿੰਘ ਨਿਵਾਸੀ ਕੋਟ-ਈਸੇ-ਖਾਂ ਨੂੰ ਸਕਾਰਪਿਓ ਗੱਡੀ ਅਤੇ 2 ਕਿਲੋ ਅਫੀਮ ਸਮੇਤ ਫੜਿਆ ਸੀ। ਅਮਰਜੀਤ ਦੇ ਨਾਲ ਉਸਦਾ ਭਰਾ ਮਨਪ੍ਰੀਤ ਸਿੰਘ ਅਤੇ ਭਤੀਜਾ ਗੁਰਪ੍ਰੀਤ ਸਿੰਘ ਵੀ ਸੀ, ਜਿਨ੍ਹਾਂ ਨੂੰ ਵੀ 3 ਕਿਲੋ ਅਫੀਮ ਸਮੇਤ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਥਾਣੇ ਦੇ ਮੁਣਸ਼ੀ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਚੌਕੀ ਦੇ ਮੁਣਸ਼ੀ ਰਾਜਪਾਲ ਸਿੰਘ ਨਾਲ ਮਿਲ ਕੇ 5 ਲੱਖ ਰੁਪਏ ਲਏ ਸਨ।