ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ ਨੇ ਪਾਏ ਵੈਣ! ਤੁਰਕੀ ’ਚ ਪੰਜਾਬੀ ਵਿਅਕਤੀ ਦੀ ਮੌਤ

ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ ਨੇ ਪਾਏ ਵੈਣ! ਤੁਰਕੀ ’ਚ ਪੰਜਾਬੀ ਵਿਅਕਤੀ ਦੀ ਮੌਤ

ਟਾਂਡਾ ਦੇ ਪਿੰਡ ਰੱਲਣ ਨਾਲ ਸਬੰਧਤ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਤੁਰਕੀ ਗਏ ਇਕ ਵਿਅਕਤੀ ਦੀ ਕਰੇਨ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਪਿੰਡ ਰੱਲਣ ਤੋਂ ਹਰਜਿੰਦਰ ਸਿੰਘ (43) ਪੁੱਤਰ ਸਾਬਕਾ ਸਰਪੰਚ ਸਵਰਨ ਸਿੰਘ ਕਰੀਬ 1 ਸਾਲ ਪਹਿਲਾਂ ਤੁਰਕੀ ਗਿਆ ਹੋਇਆ ਸੀ। ਬੀਤੀ 28 ਅਗਸਤ ਨੂੰ ਤੁਰਕੀ ਦੇ ਬੁਰਸ਼ਾ ਸ਼ਹਿਰ 'ਚ ਵਾਪਰੇ ਕਰੇਨ ਹਾਦਸੇ ਦੌਰਾਨ ਹਰਜਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਦੌਰਾਨ 29 ਅਗਸਤ ਨੂੰ ਉਸ ਦੀ ਮੌਤ ਹੋ ਗਈ। 

ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਬੀਤੀ ਰਾਤ ਮਿਲੀ। ਮ੍ਰਿਤਕ ਹਰਜਿੰਦਰ ਸਿੰਘ ਦੇ ਭਰਾ ਬਲਦੇਵ ਸਿੰਘ ਨੇ ਦੱਸਿਆ ਕਿ 28  ਅਗਸਤ ਨੂੰ ਹਰਜਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਕਰੈਵਲਰ ਕਰੇਨ ਦੀ ਮੁਰੰਮਤ ਕਰ ਰਿਹਾ ਸੀ ਕਿ ਅਚਾਨਕ ਹੀ ਕਰੇਨ ਦਾ ਇਕ ਵੱਡਾ ਹਿੱਸਾ ਹਰਜਿੰਦਰ ਸਿੰਘ ਦੇ ਉੱਪਰ ਆ ਡਿੱਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹਰਜਿੰਦਰ ਨੇ 29 ਅਗਸਤ ਨੂੰ ਦਮ ਤੋੜ ਦਿੱਤਾ।

ਮ੍ਰਿਤਕ ਹਰਜਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਮਨਦੀਪ ਕੌਰ ਅਤੇ 12 ਸਾਲਾ ਲੜਕਾ ਇਸ਼ਮੀਤ ਨੂੰ ਛੱਡ ਗਿਆ ਹੈ ਅਤੇ ਉਸ ਦੀ ਮੌਤ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। ਇਸ ਮੌਤ ਉਪਰੰਤ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ ਸੀ ਅਤੇ ਹੁਣ ਪਰਿਵਾਰਿਕ ਮੈਂਬਰ ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਰਸਮਾਂ ਨਿਭਾਉਣ ਲਈ ਇੰਤਜ਼ਾਰ ਕਰ ਰਹੇ ਹਨ ਅਤੇ ਸੰਭਾਵਨਾ ਹੈ ਕਿ ਅੱਜ 4 ਸਤੰਬਰ ਨੂੰ ਉਸਦਾ ਅੰਤਿਮ ਸੰਸਕਾਰ ਜੱਦੀ ਪਿੰਡ ਰੱਲਣ ਵਿਖੇ ਹੋਵੇਗਾ।