- Updated: February 06, 2026 06:38 PM
ਕੋਟਕਪੂਰਾ ਦੇ ਹੀਰਾ ਸਿੰਘ ਨਗਰ ਇਲਾਕੇ ਵਿਚ ਕਿਰਾਏਦਾਰ ਅਤੇ ਮਕਾਨ ਮਾਲਕਾਂ ਵਿਚਕਾਰ ਹੋਈ ਤਕਰਾਰ ਵੱਡੀ ਵਾਰਦਾਤ ਵਿਚ ਬਦਲ ਗਈ। ਬਹਿਸਬਾਜ਼ੀ ਦੌਰਾਨ ਕਿਰਾਏਦਾਰਾਂ ਇਕ ਕਰੀਬੀ ਰਿਸ਼ਤੇਦਾਰ ਵੱਲੋਂ ਧੱਕਾ ਦੇਣ ਕਾਰਨ ਬਜ਼ੁਰਗ ਮਕਾਨ ਮਾਲਕ ਸੜਕ 'ਤੇ ਡਿੱਗ ਗਿਆ, ਜਿਸ ਨਾਲ ਉਸ ਦੇ ਸਿਰ ਵਿਚ ਗੰਭੀਰ ਸੱਟ ਵੱਜੀ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਵਜੋਂ ਹੋਈ। ਮ੍ਰਿਤਕ ਦੇ ਬੇਟੇ ਕੁਲਵਿੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਜਦੋਂ ਉਹ ਘਰ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਉਨ੍ਹਾਂ ਦੇ ਕਿਰਾਏਦਾਰ ਕੁਲਦੀਪ ਸਿੰਘ ਦੇ ਘਰ ਦੀ ਪਾਣੀ ਵਾਲੀ ਟੈਂਕੀ ਭਰ ਗਈ ਸੀ। ਜਦੋਂ ਉਸਨੇ ਦਰਵਾਜ਼ਾ ਖੜਕਾਇਆ ਤਾਂ ਘਰੋਂ ਇਕ ਵਿਅਕਤੀ ਬਾਹਰ ਆਇਆ ਅਤੇ ਉਸ ਨਾਲ ਝਗੜਾ ਕਰਨ ਲੱਗ ਪਿਆ। ਇਸ ਦੌਰਾਨ ਕੁਲਵਿੰਦਰ ਸਿੰਘ ਦੇ ਪਿਤਾ ਇੰਦਰਜੀਤ ਸਿੰਘ ਅਤੇ ਭਰਾ ਵੀ ਮੌਕੇ ‘ਤੇ ਪਹੁੰਚ ਗਏ।
ਇਸੇ ਸਮੇਂ ਕਿਰਾਏਦਾਰਾਂ ਦੇ ਘਰ ਆਇਆ ਹੋਇਆ ਹੀਰਾ ਸਿੰਘ ਨਾਮਕ ਵਿਅਕਤੀ ਉਸਦੇ ਪਿਤਾ ਨਾਲ ਬਹਿਸ ਕਰਨ ਲੱਗਾ ਅਤੇ ਗੁੱਸੇ ਵਿੱਚ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਧੱਕੇ ਕਾਰਨ ਉਹ ਸੜਕ ‘ਤੇ ਡਿੱਗ ਪਿਆ ਅਤੇ ਸਿਰ ਵਿਚ ਗੰਭੀਰ ਸੱਟ ਲੱਗਣ ਨਾਲ ਬੇਹੋਸ਼ ਹੋ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ ਦੇ ਆਧਾਰ ‘ਤੇ ਕਿਰਾਏਦਾਰਾਂ ਦੇ ਰਿਸ਼ਤੇਦਾਰ ਹੀਰਾ ਸਿੰਘ ਦੇ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਵੱਲੋਂ ਲਾਸ਼ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿਚ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।