- Updated: March 24, 2026 10:01 AM
ਇਕ ਪਾਸੇ ਜਦੋਂ ਇਰਾਨ 'ਚ ਛਿੜੀ ਜੰਗ ਨੇ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ 'ਚ ਲਿਆ ਹੋਇਆ ਹੈ, ਉੱਥੇ ਹੀ ਭਾਰਤੀ ਲੋਕਾਂ ਨੇ ਇਰਾਨ ਦੀ ਮਦਦ ਕਰਦਿਆਂ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਕਿ ਦੇਖਣ ਵਾਲਾ ਹਰ ਕੋਈ ਹੈਰਾਨ ਰਹਿ ਗਿਆ ਹੈ।
ਇਰਾਨ ਅਤੇ ਅਮਰੀਕਾ ਵਿਚਕਾਰ ਜਾਰੀ ਜੰਗ ਦੇ ਚੱਲਦਿਆਂ, ਭਾਰਤ ਵਿੱਚ ਇਰਾਨੀ ਦੂਤਾਵਾਸ ਨੇ ਭਾਰਤੀਆਂ, ਖ਼ਾਸ ਕਰਕੇ ਕਸ਼ਮੀਰੀਆਂ ਵੱਲੋਂ ਦਿੱਤੀ ਗਈ ਮਦਦ ਲਈ ਦਿਲੋਂ ਸ਼ੁਕਰੀਆ ਅਦਾ ਕੀਤਾ ਹੈ। ਦੂਤਾਵਾਸ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਭਾਰਤ ਦਾ ਇਹ ਦਰਿਆਦਿਲੀ ਤੇ ਮਨੁੱਖਤਾ ਇਰਾਨ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖੀ ਜਾਵੇਗੀ।

ਕਸ਼ਮੀਰ ਦੇ ਬਡਗਾਮ ਵਿੱਚ 'ਮਸਜਿਦ ਇਮਾਮ ਜ਼ਮਾਨ' ਵਿਖੇ ਇੱਕ ਸਟਾਲ ਲਗਾਇਆ ਗਿਆ ਹੈ, ਜਿੱਥੇ ਮੁਸਲਿਮ ਭੈਣਾਂ ਅਤੇ ਮਾਵਾਂ ਆਪਣੇ ਸੋਨੇ ਅਤੇ ਚਾਂਦੀ ਦੇ ਗਹਿਣੇ ਇਰਾਨ ਦੀ ਮਦਦ ਲਈ ਦਾਨ ਕਰ ਰਹੀਆਂ ਹਨ। ਦੂਤਾਵਾਸ ਨੇ ਇੱਕ ਅਜਿਹੀ ਔਰਤ ਦਾ ਜ਼ਿਕਰ ਕੀਤਾ ਜਿਸ ਨੇ ਆਪਣੇ ਪਤੀ, ਜਿਸ ਦੀ ਮੌਤ 28 ਸਾਲ ਪਹਿਲਾਂ ਹੋ ਚੁੱਕੀ ਸੀ, ਦੀ ਆਖਰੀ ਨਿਸ਼ਾਨੀ ਵਜੋਂ ਰੱਖਿਆ ਸੋਨਾ ਵੀ ਇਰਾਨ ਦੇ ਲੋਕਾਂ ਲਈ ਦਾਨ ਕਰ ਦਿੱਤਾ। ਇਹੀ ਨਹੀਂ, ਕਸ਼ਮੀਰ ਦੇ ਛੋਟੇ ਬੱਚੇ ਆਪਣੇ 'ਪਿਗੀ ਬੈਂਕ' ਨੂੰ ਤੋੜ ਕੇ ਜਮ੍ਹਾਂ ਕੀਤੀ ਪੂੰਜੀ ਵੀ ਇਰਾਨ ਭੇਜ ਰਹੇ ਹਨ।
ਇਰਾਨੀ ਦੂਤਾਵਾਸ ਨੇ ਐਕਸ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਅਸੀਂ ਤੁਹਾਡੀ ਦਿਆਲਤਾ ਅਤੇ ਇਨਸਾਨੀਅਤ ਨੂੰ ਕਦੇ ਨਹੀਂ ਭੁੱਲਾਂਗੇ। ਥੈਂਕ ਯੂ ਇੰਡੀਆ ! ਕਸ਼ਮੀਰ ਦੀਆਂ ਮਾਵਾਂ ਦੀਆਂ ਅੱਖਾਂ ਦੇ ਹੰਝੂ ਅਤੇ ਭਾਵਨਾਵਾਂ ਇਰਾਨ ਦੇ ਲੋਕਾਂ ਲਈ ਸਕੂਨ ਦਾ ਸਭ ਤੋਂ ਵੱਡਾ ਸਰੋਤ ਹਨ।"
ਇਰਾਨ ਦੇ ਸਮਰਥਨ ਲਈ ਅੱਗੇ ਆ ਰਹੇ ਲੋਕਾਂ ਨੇ ਕਿਹਾ ਕਿ ਉਹ ਖ਼ੁਦ ਜੰਗ ਦੇ ਮੈਦਾਨ ਵਿੱਚ ਇਰਾਨ ਦੀ ਮਦਦ ਲਈ ਨਹੀਂ ਜਾ ਸਕਦੇ, ਇਸ ਲਈ ਉਹ ਨਕਦੀ, ਤਾਂਬਾ ਅਤੇ ਗਹਿਣੇ ਆਦਿ ਇਕੱਠੀ ਕਰ ਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ। ਇਹ ਘਟਨਾ ਦਰਸਾਉਂਦੀ ਹੈ ਕਿ ਜੰਗ ਦੇ ਔਖੇ ਸਮੇਂ ਵਿੱਚ ਸਰਹੱਦਾਂ ਦੀਆਂ ਵਲਗਣਾਂ ਟੁੱਟ ਜਾਂਦੀਆਂ ਹਨ ਅਤੇ ਸਿਰਫ਼ ਇਨਸਾਨੀ ਰਿਸ਼ਤੇ ਹੀ ਬਾਕੀ ਰਹਿ ਜਾਂਦੇ ਹਨ। ਭਾਰਤ ਨੇ ਇੱਕ ਵਾਰ ਫਿਰ 'ਵਸੁਧੈਵ ਕੁਟੁੰਬਕਮ' ਦੇ ਸੰਕਲਪ ਨੂੰ ਸੱਚ ਕਰ ਵਿਖਾਇਆ ਹੈ।