- Updated: September 12, 2024 12:13 PM
ਮਾਲੇਰਕੋਟਲਾ ਦੇ ਪਿੰਡ ਮਹੋਲੀ ਕਲਾਂ ਵਿਖੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਮਨਦੀਪ ਸਿੰਘ ਪਿੰਡ ਗੁਆਰਾ ਵਜੋਂ ਹੋਈ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨਸ਼ਾ ਛੁਡਾਊ ਕੇਂਦਰ ‘ਤੇ ਇਲਜ਼ਾਮ ਲਗਾਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਕੇਂਦਰ ਦੇ ਸੰਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਦੀ ਭੈਣ ਹਰਦੀਪ ਕੌਰ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਵੱਲੋਂ ਰਮਨਦੀਪ ਸਿੰਘ ਨੂੰ ਸਮਰਾਲਾ ਦੇ ਪਿੰਡ ਰਾਜੇਵਾਲ ਵਿਖੇ ਇੱਕ ਨਸ਼ਾ ਛੁਡਾਊ ਕੇਂਦਰ ਵਿਚ 5 ਸਤੰਬਰ 2024 ਨੂੰ ਭਰਤੀ ਕਰਵਾਇਆ ਗਿਆ ਸੀ। ਪਰ ਨਸ਼ਾ ਛੁਡਾਉ ਕੇਂਦਰ ਦੇ ਸੰਚਾਲਕ ਸੁਖਵਿੰਦਰ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਿਨ੍ਹਾਂ ਕਿਸੇ ਇਤਲਾਹ ਦਿੱਤੇ ਰਮਨਦੀਪ ਸਿੰਘ ਨੂੰ ਮਹੋਲੀ ਕਲਾਂ ਦੇ ਖੇਤ ’ਚ ਬਣੇ ਘਰ ਰੂਪੀ ਨਸ਼ਾ ਛੁਡਾਊ ਕੇਂਦਰ ਵਿੱਚ ਭੇਜ ਦਿੱਤਾ।
8 ਸਤੰਬਰ ਨੂੰ ਕੇਂਦਰ ਦੇ ਸੰਚਾਲਕ ਸੁਖਵਿੰਦਰ ਸਿੰਘ ਨੇ ਪਰਿਵਾਰ ਨੂੰ ਇਤਲਾਹ ਦਿੱਤੀ ਕਿ ਰਮਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਾਨ ਮੌਤ ਹੋ ਗਈ। ਉਧਰ ਥਾਣਾ ਸੰਦੌੜ ਦੇ ਐੱਸਐੱਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਨਿਆਂ ਸਹਿੰਤਾ ਦੀ ਧਾਰਾ105 ਅਤੇ 3(5) ਅਧੀਨ ਕੇਦਰ ਚਲਾ ਰਹੇ ਸੁਖਵਿੰਦਰ ਸਿੰਘ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਕਾਰਵਾਈ ਜਾਰੀ ਹੈ।