ਸਿੱਧੂ ਮੂਸੇਵਾਲਾ ਦੀ ਮਾਤਾ ਦੇ ਪੈਨਸ਼ਨ ਲਗਵਾਉਣ ਲਈ ਕੀਤੇ ਫ਼ਰਜ਼ੀ ਦਸਤਖ਼ਤ ਤੇ ਲਗਾਈ ਫ਼ਰਜ਼ੀ ਮੋਹਰ

ਸਿੱਧੂ ਮੂਸੇਵਾਲਾ ਦੀ ਮਾਤਾ ਦੇ ਪੈਨਸ਼ਨ ਲਗਵਾਉਣ ਲਈ ਕੀਤੇ ਫ਼ਰਜ਼ੀ ਦਸਤਖ਼ਤ ਤੇ ਲਗਾਈ ਫ਼ਰਜ਼ੀ ਮੋਹਰ

ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾ ਕੇ ਨਾਮਾਲੂਮ ਵੱਲੋਂ ਅੰਗਹੀਣ ਪੈਨਸ਼ਨ ਲਗਵਾਉਣ ਲਈ ਫ਼ਾਰਮ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਤਾ ਚਰਨ ਕੌਰ ਪਿੰਡ ਮੂਸਾ ਦੇ ਸਰਪੰਚ ਹਨ। ਚਰਨ ਕੌਰ ਦੇ ਪਤੀ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਸ ਮਾਮਲੇ ਦਾ ਉਦੋਂ ਪਤਾ ਲੱਗਿਆ ਜਦ ਜਾਅਲੀ ਦਸਤਖਤਾਂ ਤੇ ਜਾਅਲੀ ਮੋਹਰ ਲਗਾਏ ਹੋਏ ਪੈਨਸ਼ਨ ਦੇ ਕਾਗਜ਼ਾਤ ਤਿਆਰ ਕੀਤੇ ਹੋਏ ਜ਼ਿਲ੍ਹਾ ਬਾਲ ਵਿਕਾਸ ਦਫ਼ਤਰ 'ਚ ਪੁੱਜੇ। ਇਨ੍ਹਾਂ ਕਾਗਜ਼ਾਤਾਂ 'ਚ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਮੂਸਾ ਦਾ ਨਾਂਅ ਲਿਖ ਕੇ ਫਾਰਮ ਭਰੇ ਗਏ ਸਨ। ਇਨ੍ਹਾਂ 'ਤੇ ਸਰਪੰਚ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾਈ ਗਈ ਸੀ।

ਦਫ਼ਤਰ ਦੇ ਲੰਬੇ ਅਧਿਕਾਰੀਆਂ ਨੇ ਜਦ ਰਿਕਾਰਡ ਦੇਖਿਆ ਤਾਂ ਡੀਸੀ ਸਹੀ ਰਿਕਾਰਡ ਨਾ ਮਿਲਣ 'ਤੇ ਉਹ ਪਿੰਡ ਮੂਸਾ ਪੁੱਜੇ, ਜਿੱਥੇ ਸਰਪੰਚ ਚਰਨ ਕੌਰ ਤੋਂ ਪਤਾ ਲੱਗਿਆ ਕਿ ਸਰਪੰਚ ਦੀ ਮੋਹਰ ਅਤੇ ਦਸਤਖਤ ਜਾਅਲੀ ਹਨ। ਇਸ ਦੇ ਬਾਅਦ ਲੰਬੇ ਜਾਂਚ 'ਚ ਪਤਾ ਲੱਗਾ ਕਿ ਕਿਸੇ ਨਾਮਾਲੂਮ ਔਰਤ ਨੇ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਲਾਧੂਕਾ ਜ਼ਿਲ੍ਹਾ ਫਾਜ਼ਿਲਕਾ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ, ਫੋਟੋ ਤਬਦੀਲ ਕਰ ਕੇ, ਉਸ ਦੇ ਬੈਂਕ ਖਾਤੇ ਦੇ ਨੰਬਰ ਨਾਲ ਛੇੜਛਾੜ ਕਰਨ ਤੋਂ ਇਲਾਵਾ ਜਾਅਲੀ ਸ਼ਨਾਖਤੀ ਕਾਰਡ ਅਤੇ ਚੀਫ ਮੈਡੀਕਲ ਅਫਸਰ ਕੋਲੋਂ ਜਾਅਲੀ ਅੰਗਹੀਣ ਆਈਡੀ ਬਣਵਾ ਕੇ ਪੈਨਸ਼ਨ ਲਈ ਫਾਰਮ ਭਰੇ ਸਨ।

ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਪਿੰਡ ਮੂਸਾ ਨਾਲ ਸਬੰਧਿਤ ਨਹੀਂ ਪਾਈ ਗਈ। ਇਨ੍ਹਾਂ ਜਾਅਲੀ ਦਸਤਖਤਾਂ ਅਤੇ ਜਾਅਲੀ ਮੋਹਰ ਦੀ ਵਰਤੋਂ ਕਰਨ ਬਾਰੇ ਸਰਪੰਚ ਚਰਨ ਕੌਰ ਦੇ ਪਤੀ ਬਲਕੌਰ ਸਿੰਘ ਨੇ ਥਾਣਾ ਸਿਟੀ-2 ਪੁਲਿਸ ਕੋਲ ਸ਼ਿਕਾਇਤ ਕੀਤੀ ਪੁਲਿਸ ਨੇ ਇਸ ਮਾਮਲੇ 'ਚ ਬਲਕੌਰ ਸਿੰਘ ਤੋਂ ਇਲਾਵਾ ਮਨਦੀਪ ਸਿੰਘ ਜੂਨੀਅਰ ਸਹਾਇਕ ਦਫ਼ਤਰ ਸਿਵਲ ਸਰਜਨ ਮਾਨਸਾ, ਗੁਰਜਿੰਦਰ ਕੌਰ ਕਲਰਕ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮਾਨਸਾ ਅਤੇ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਪਿੰਡ ਲਾਧੂਕਾ ਦੇ ਬਿਆਨ ਦਰਜ ਕਰਨ ਮਗਰੋਂ ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਨਾਮਾਲੂਮ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।