- Updated: March 23, 2026 10:17 PM
ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ (PSWC) ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ 78 ਸਾਲਾ ਮਾਂ ਭਾਗ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਪੋਸਟਮਾਰਟਮ ਪੰਜਾਬ ਤੋਂ ਬਾਹਰ ਕਰਵਾਉਣ ਦੀ ਮੰਗ ਕੀਤੀ ਹੈ।
ਕੁੱਟਮਾਰ ਅਤੇ ਝੂਠੀ ਵੀਡੀਓ ਬਣਾਉਣ ਦੇ ਇਲਜ਼ਾਮ
ਹਾਈਕੋਰਟ ਵਿੱਚ ਦਾਇਰ ਪਟੀਸ਼ਨ ਅਨੁਸਾਰ, ਗਗਨਦੀਪ ਸਿੰਘ ਰੰਧਾਵਾ ਨੂੰ ਮੰਤਰੀ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਦੇ ਨਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਟੈਂਡਰ ਜਾਰੀ ਨਾ ਕਰਨ ਕਰਕੇ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ 13 ਮਾਰਚ 2026 ਨੂੰ ਮੰਤਰੀ ਨੇ ਗਗਨਦੀਪ ਨੂੰ ਪੱਟੀ ਸਥਿਤ ਆਪਣੀ ਰਿਹਾਇਸ਼ 'ਤੇ ਬੁਲਾਇਆ, ਜਿੱਥੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਲਜ਼ਾਮ ਹੈ ਕਿ ਮੰਤਰੀ ਅਤੇ ਉਸਦੇ ਸਾਥੀਆਂ ਨੇ ਪਿਸਤੌਲ ਦੀ ਨੋਕ 'ਤੇ ਅਧਿਕਾਰੀ ਕੋਲੋਂ ਇੱਕ ਝੂਠੀ ਵੀਡੀਓ ਰਿਕਾਰਡ ਕਰਵਾਈ, ਜਿਸ ਵਿੱਚ ਉਸ ਨੂੰ ਜ਼ਬਰਦਸਤੀ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੀ ਗੱਲ ਕਬੂਲਣ ਲਈ ਮਜਬੂਰ ਕੀਤਾ ਗਿਆ।
ਮਾਨਸਿਕ ਤਸ਼ੱਦਦ ਕਾਰਨ ਕੀਤੀ ਖੁਦਕੁਸ਼ੀ
ਗਗਨਦੀਪ ਸਿੰਘ ਰੰਧਾਵਾ ਨੇ ਇਸ ਲਗਾਤਾਰ ਹੋ ਰਹੇ ਮਾਨਸਿਕ ਤਸ਼ੱਦਦ ਅਤੇ ਧਮਕੀਆਂ ਤੋਂ ਤੰਗ ਆ ਕੇ 21 ਮਾਰਚ 2026 ਨੂੰ ਸਵੇਰੇ ਕਰੀਬ 5:50 ਵਜੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮਰਨ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਜਿਸ ਵਿੱਚ ਉਸਨੇ ਆਪਣੀ ਮੌਤ ਲਈ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਸਦੇ ਸਾਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਪੁਲਿਸ ਨੇ ਇਸ ਮਾਮਲੇ ਵਿੱਚ ਲਾਲਜੀਤ ਸਿੰਘ ਭੁੱਲਰ, ਉਸਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਪੀ.ਏ. ਦਿਲਬਾਗ ਸਿੰਘ ਵਿਰੁੱਧ FIR ਨੰਬਰ 52, ਧਾਰਾ 108, 351(3) ਅਤੇ 3(5) (BNS, 2023) ਤਹਿਤ ਮਾਮਲਾ ਦਰਜ ਕੀਤਾ ਹੈ।
ਮਾਂ ਦੀ ਹਾਈਕੋਰਟ ਨੂੰ ਅਪੀਲ
ਮ੍ਰਿਤਕ ਦੀ ਮਾਂ ਭਾਗ ਕੌਰ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਪੰਜਾਬ ਤੋਂ ਬਾਹਰ, ਜਿਵੇਂ ਕਿ PGI ਚੰਡੀਗੜ੍ਹ ਜਾਂ AIIMS ਬਠਿੰਡਾ, ਕਿਸੇ ਸੁਤੰਤਰ ਮੈਡੀਕਲ ਬੋਰਡ ਰਾਹੀਂ ਕਰਵਾਇਆ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਮ੍ਰਿਤਕ ਦਾ ਮੋਬਾਈਲ ਫ਼ੋਨ, ਕਾਲ ਰਿਕਾਰਡ ਅਤੇ ਹੋਰ ਇਲੈਕਟ੍ਰਾਨਿਕ ਸਬੂਤਾਂ ਨੂੰ ਤੁਰੰਤ ਸੁਰੱਖਿਅਤ ਕੀਤਾ ਜਾਵੇ। ਹਾਈਕੋਰਟ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸੁਣਵਾਈ ਕੱਲ੍ਹ 24 ਮਾਰਚ 2026 ਲਈ ਤੈਅ ਕੀਤੀ ਹੈ।