ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਦਾ ਦਿੱਲੀ ਪੰਥਕ ਰੋਸ ਮਾਰਚ ਕੀਤਾ ਮੁਲਤਵੀ

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਦਾ ਦਿੱਲੀ ਪੰਥਕ ਰੋਸ ਮਾਰਚ ਕੀਤਾ ਮੁਲਤਵੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਕੀਤੇ ਜਾ ਰਹੇ ਪੰਥਕ ਪ੍ਰਦਰਸ਼ਨ ਨੂੰ ਹਾਲ ਦੀ ਘੜੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੋ ਚਿੱਠੀਆਂ ਲਿਖ ਕੇ ਬੇਨਤੀ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 20 ਦਸੰਬਰ ਦਿੱਲੀ ਰੋਸ ਮਾਰਚ ਨੂੰ ਰੱਦ ਕਰੇ। ਇਸ ਤੋਂ ਇਲਾਵਾ ਰਾਜੋਆਣਾ ਨੇ ਦੂਜੀ ਚਿੱਠੀ 'ਚ ਲਿਖਿਆ ਹੈ ਕਿ ਜੇਕਰ ਉਹ 20 ਦਸੰਬਰ ਨੂੰ  ਦਿੱਲੀ ਮਾਰਚ ਰੱਦ ਨਹੀਂ ਕਰਦੇ ਤਾਂ ਉਹ ਜੇਲ੍ਹ 'ਚ ਭੁੱਖ ਹੜਤਾਲ ਸ਼ੁਰੂ ਕਰਾਂਗਾ। ਰਾਜੋਆਣਾ ਦੀ ਚਿੱਠੀ ਤੋਂ ਬਾਅਦ ਪ੍ਰਧਾਨ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡੀਜੀਪੀ ਜੇਲ੍ਹਾਂ ਨੂੰ ਰਾਜੋਆਣਾ ਨਾਲ ਮੁਲਾਕਾਤ ਬਾਰੇ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 28 ਦਸੰਬਰ ਮੁਲਾਕਾਤ ਦਾ ਸਮਾਂ ਮਿਲਿਆ ।

ਪ੍ਰਧਾਨ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤਿ ਅਹਿਮ ਕੌਮੀ ਮਸਲਾ ਹੈ,  ਜਿਸ ਬਾਰੇ 26 ਲੱਖ ਪ੍ਰੋਫ਼ਾਰਮੇ ਵੀ ਤਿਆਰ ਕੀਤੇ ਗਏ ਹਨ। ਬੰਦੀ ਸਿੰਘਾਂ ਦੇ ਮਾਮਲੇ ’ਤੇ 20 ਨੂੰ ਹੋਣ ਵਾਲੇ ਕੌਮ ਦੇ ਸਾਂਝੇ ਦਿੱਲੀ ਪ੍ਰਦਰਸ਼ਨ ਸਬੰਧੀ ਹਰ ਧਿਰ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਸਭਨਾਂ ਵੱਲੋਂ ਹੀ ਹਾਂ ਪੱਖੀ ਹੁੰਗਾਰਾ ਭਰਿਆ ਗਿਆ । ਉਨ੍ਹਾਂ ਕਿਹਾ ਕਿ ਇਸ ਵਿਚ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਨੇ ਵੀ ਸ਼ਿਰਕਤ ਸਾਥ ਦੇਣ ਦਾ ਭਰੋਸਾ ਦਿੱਤਾ।ਉਨ੍ਹਾਂ  ਕਿਹਾ ਇਸ ਵਿਚ ਸਭ ਨੂੰ ਸਹਿਯੋਗ ਲਈ ਸੱਦਾ ਦਿੱਤਾ ਗਿਆ ਹੈ ਅਤੇ ਵੱਖ-ਵੱਖ ਸੰਪ੍ਰਦਾਵਾਂ ਅਤੇ ਜਥੇਬੰਦੀਆਂ ਨਾਲ ਮੀਟਿੰਗਾਂ ਦੇ ਨਾਲ-ਨਾਲ ਟੈਲੀਫੋਨ ਰਾਹੀਂ ਵੀ ਸੰਪਰਕ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਲਈ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਾਜ਼ਰੀ ਦੇਣ  ਭਰੋਸਾ ਦਿੱਤਾ। ਇਸ ਤੋਂ ਇਲਾਵਾ ਲੋਕਲ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਆਗੂਆਂ ਨੇ ਵੀ ਪੰਥਕ ਪ੍ਰਦਰਸ਼ਨ ਵਿਚ ਭਰਵੀਂ ਸ਼ਮੂਲੀਅਤ ਦੇਣ ਦਾ ਭਰੋਸਾ ਜਤਾਇਆ। ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਕੀਤੇ ਜਾ ਰਹੇ ਪੰਥਕ ਪ੍ਰਦਰਸ਼ਨ ਨੂੰ ਲੈ ਕੇ ਅਗਲੀ ਤਾਰੀਖ ਨਹੀਂ ਦੱਸੀ ਗਈ।