ਹੈਰੋਇਨ ਸਮੇਤ 3 ਵਿਅਕਤੀ ਗ੍ਰਿਫ਼ਤਾਰ

ਹੈਰੋਇਨ ਸਮੇਤ 3 ਵਿਅਕਤੀ ਗ੍ਰਿਫ਼ਤਾਰ

ਪੁਲਸ ਨੇ ਤਿੰਨ ਵੱਖ-ਵੱਖ ਮਾਮਲਿਆਂ 'ਚ ਕੁੱਲ 9 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਵਾਂਸ਼ਹਿਰ ਦੇ ਸਦਰ ਥਾਣੇ ਦੇ ਐੱਸ. ਐੱਚ. ਓ. ਵਰਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸੰਜੀਵ ਕੁਮਾਰ ਦੀ ਅਗਵਾਈ ਵਿਚ ਪੁਲਸ ਦੀ ਇਕ ਟੀਮ ਜਾਡਲਾ ਪੁਲਸ ਚੌਕੀ ਤੋਂ ਮੁੱਖ ਹਾਈਵੇਅ ਵੱਲ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਭਾਲ ਵਿਚ ਗਸ਼ਤ ਕਰ ਰਹੀ ਸੀ। ਉਨ੍ਹਾਂ ਨੇ ਇਕ ਨੌਜਵਾਨ ਨੂੰ ਬੱਸ ਸਟੈਂਡ ਦੇ ਸ਼ੈੱਡ ਤੋਂ ਸੜਕ ਵੱਲ ਆਉਂਦੇ ਵੇਖਿਆ। ਉਕਤ ਨੌਜਵਾਨ ਪੁਲਸ ਪਾਰਟੀ ਨੂੰ ਵੇਖ ਕੇ ਉਹ ਘਬਰਾ ਗਿਆ, ਉਸਨੇ ਆਪਣੇ ਹੱਥ ਵਿਚ ਫੜੀ ਚੀਜ਼ ਜ਼ਮੀਨ ’ਤੇ ਸੁੱਟ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਲੈਣ ’ਤੇ ਸੁੱਟੀ ਗਈ ਚੀਜ਼ ਵਿਚੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਜੈ ਕੁਮਾਰ ਪੁੱਤਰ ਵਿਨੋਦ ਕੁਮਾਰ, ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ।

ਇਕ ਹੋਰ ਮਾਮਲੇ ਵਿਚ ਨਵਾਂਸ਼ਹਿਰ ਦੀ ਸਿਟੀ ਪੁਲਸ ਨੇ ਇਕ ਵਿਅਕਤੀ ਨੂੰ 2 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਏ.ਐੱਸ.ਆਈ. ਨਰੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਦੁਰਗਾਪੁਰ ਲਿੰਕ ਰੋਡ ਵੱਲ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੇ ਸਾਹਮਣੇ ਤੋਂ ਇਕ ਨੌਜਵਾਨ ਨੂੰ ਆਉਂਦੇ ਦੇਖਿਆ। ਪੁਲਸ ਨੂੰ ਵੇਖ ਕੇ ਉਹ ਘਬਰਾ ਗਿਆ, ਉਸਨੇ ਆਪਣੇ ਹੱਥ ਵਿਚ ਫੜਿਆ ਪੈਕੇਟ ਨੇੜੇ ਝਾੜੀਆਂ 'ਚ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਸੁੱਟੇ ਗਏ ਪੈਕੇਟ ਵਿਚੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ, ਵਾਸੀ ਪਿੰਡ ਸਾਧਪੁਰ (ਮੁਕੰਦਪੁਰ ਥਾਣੇ ਦੇ ਅਧਿਕਾਰ ਖੇਤਰ ਅਧੀਨ) ਵਜੋਂ ਹੋਈ ਹੈ।

ਇਕ ਹੋਰ ਘਟਨਾ ਵਿਚ ਬਲਾਚੌਰ ਪੁਲਸ ਨੇ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਜਾਂਚ ਅਧਿਕਾਰੀ ਏ.ਐੱਸ.ਆਈ. ਲਖਵੀਰ ਚੰਦ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਲਵਿੰਦਰ ਰਾਣਾ (ਉਰਫ਼ ਵਿੱਕੀ, ਉਰਫ਼ ਸਿੰਧਬਾਜ਼) ਪੁੱਤਰ ਕਮਲ ਸਿੰਘ, ਵਾਸੀ ਪਿੰਡ ਸਾਹਿਬਾ (ਬਲਾਚੌਰ ਥਾਣੇ ਦੇ ਅਧਿਕਾਰ ਖੇਤਰ ਅਧੀਨ) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਉਪਰੋਕਤ ਘਟਨਾਵਾਂ ਵਿਚ ਸ਼ਾਮਲ ਮੁਲਜ਼ਮਾਂ ਵਿਰੁੱਧ ਸਬੰਧਤ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।