ਟਿੱਬਾ ਇਲਾਕੇ ’ਚ ਗੁੰਡਾਗਰਦੀ, ਨੌਜਵਾਨ ’ਤੇ ਚੱਲੀਆਂ ਤਾਬੜਤੋੜ ਗੋਲੀਆਂ।

ਟਿੱਬਾ ਇਲਾਕੇ ’ਚ ਗੁੰਡਾਗਰਦੀ, ਨੌਜਵਾਨ ’ਤੇ ਚੱਲੀਆਂ ਤਾਬੜਤੋੜ ਗੋਲੀਆਂ।

ਇਕ ਪਾਸੇ ਮੁਲਜ਼ਮਾਂ ’ਤੇ ਨਕੇਲ ਕੱਸਣ ਲਈ ਪੁਲਸ ਆਪ੍ਰੇਸ਼ਨ ਪਰਹਾਰ ਚਲਾ ਰਹੀ ਹੈ, ਦੂਜੇ ਪਾਸੇ ਮਹਾਨਗਰ ਵਿਚ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ। ਇਸੇ ਹੀ ਤਰ੍ਹਾਂ ਟਿੱਬਾ ਇਲਾਕੇ ਦੀ ਗੌਤਮ ਕਾਲੋਨੀ ਵਿਚ ਸ਼ਰੇਆਮ ਕਾਨੂੰਨ ਵਿਵਸਥਾ ਦੇ ਚਿਥੜੇ ਉਡਾਉਂਦੇ ਹੋਏ ਬਦਮਾਸ਼ਾਂ ਵੱਲੋਂ ਇਕ ਪਰਿਵਾਰ ’ਤੇ ਜਾਨਲੇਵਾ ਹਮਲਾ ਕਰਨ ਅਤੇ ਪਿਸਤੌਲ ਨਾਲ ਸਿੱਧੇ ਫਾਇਰ ਕਰਨ ਦਾ ਬੇਹੱਦ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਨੂੰ ਰਸਤੇ ਵਿਚ ਘੇਰਨ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਬਦਮਾਸ਼ਾਂ ਨੇ ਪਹਿਲਾਂ ਉਸ ਨੂੰ ਫੋਨ ’ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਬਾਅਦ ਵਿਚ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮੋਟਰਸਾਈਕਲ, ਐਕਟਿਵਾ ਅਤੇ ਇਕ ਹੁੰਡਈ ਵੈਨਿਊ ਕਾਰ ਵਿਚ ਸਵਾਰ ਹੋ ਕੇ ਆਏ 6 ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਪੀੜਤ ਪਰਿਵਾਰ ਨੇ ਦੁਕਾਨ ਵਿਚ ਲੁਕ ਕੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ’ਤੇ ਥਾਣਾ ਟਿੱਬਾ ਦੀ ਪੁਲਸ ਮੌਕੇ ‘ਤੇ ਪੁੱਜੀ। ਪੁਲਸ ਨੂੰ ਮੌਕੇ ਤੋਂ ਗੋਲੀ ਦਾ ਇਕ ਖਾਲੀ ਖੋਲ ਵੀ ਬਰਾਮਦ ਹੋਇਆ ਹੈ। ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਜੋ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਇਸ ਮਾਮਲੇ ਵਿਚ ਪੁਲਸ ਨੇ ਅਰੁਣ ਵੈਦਿਆ ਦੀ ਸ਼ਿਕਾਇਤ ’ਤੇ ਮੁਲਜ਼ਮ ਹਮਲਾਵਰ ਜਸਕਰਨ ਸਿੰਘ, ਰੋਹਿਤ, ਦਿਲੀਪ, ਰਾਜਾ ਅਤੇ ਉਸ ਦੇ ਸਾਥੀਆਂ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਰੁਣ ਵੈਦਿਆ ਨੇ ਦੱਸਿਆ ਕਿ ਬੀਤੇ ਕੱਲ 9 ਜੁਲਾਈ ਨੂੰ ਉਹ ਕੰਮ ਤੋਂ ਵਾਪਸ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਗੌਤਮ ਕਾਲੋਨੀ ਦੀ ਮੁੱਖ ਗਲੀ ਦੇ ਕੋਲ ਪੁੱਜਾ ਤਾਂ ਉਥੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਮੁਲਜ਼ਮ ਜਸਕਰਨ, ਰੋਹਿਤ, ਦਲੀਪ ਕੁਮਾਰ, ਰਾਜਾ ਅਤੇ ਉਨ੍ਹਾਂ ਦੇ 2 ਹੋਰ ਅਣਪਛਾਤੇ ਸਾਥੀ ਖੜ੍ਹੇ ਸਨ। ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਦੇਖ ਕੇ ਉਸ ਨੂੰ ਜਬਰੀ ਰੋਕਣ ਦਾ ਯਤਨ ਕੀਤਾ ਪਰ ਉਹ ਖਤਰੇ ਨੂੰ ਭਾਂਪਦੇ ਹੋਏ ਰੁਕਿਆ ਨਹੀਂ ਅਤੇ ਅੱਗੇ ਨਿਕਲ ਗਿਆ। ਇਸ ਤੋਂ ਬੌਖਲਾਏ ਮੁਲਜ਼ਮ ਦਲੀਪ ਕੁਮਾਰ ਨੇ ਪੀੜਤ ਦੇ ਵ੍ਹਟਸਐਪ ‘ਤੇ ਕਾਲ ਕੀਤੀ ਅਤੇ ਸ਼ਰੇਆਮ ਲਲਕਾਰਦੇ ਹੋਏ ਉਸ ਨੂੰ ਰਸਤੇ ਵਿਚ ਹੀ ਵੱਢ ਦੇਣ ਅਤੇ ਜਾਨ ਤੋਂ ਮਾਰਨ ਦੀਆਂ ਖੌਫਨਾਕ ਧਮਕੀਆਂ ਦਿੱਤੀਆਂ। ਜਾਨ ਦਾ ਖਤਰਾ ਦੇਖਦੇ ਹੋਏ ਪੀੜਤ ਨੌਜਵਾਨ ਗੌਤਮ ਕਾਲੋਨੀ ਮੁੱਖ ਰਸਤੇ ‘ਤੇ ਸਥਿਤ ਆਪਣੇ ਚਾਚਾ ਦੀਪਕ ਕੁਮਾਰ ਦੀ ਦੁਕਾਨ ’ਤੇ ਜਾ ਕੇ ਰੁਕ ਗਿਆ। ਇਸ ਦੌਰਾਨ ਵਾਰਦਾਤ ਦੀ ਭਿਣਕ ਲਗਦੇ ਹੀ ਉਸ ਦੀ ਮਾਤਾ ਬਬਲੀ, ਪਿਤਾ ਰਾਜ ਕੁਮਾਰ ਅਤੇ ਦੂਜੇ ਚਾਚਾ ਰਾਕੇਸ਼ ਵੈਦ ਵੀ ਘਬਰਾ ਕੇ ਦੁਕਾਨ ‘ਤੇ ਹੀ ਪੁੱਜ ਗਏ। ਅਜੇ ਪੀੜਤ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਲੀਪ ਅਤੇ ਉਸ ਦੇ ਸਾਥੀਆ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਅਤੇ ਹਮਲੇ ਦੀ ਯੋਜਨਾ ਬਾਰੇ ਦੱਸ ਹੀ ਰਿਹਾ ਸੀ ਕਿ ਅਚਾਨਕ ਗਲੀ ਵਿਚ ਮੁਲਜ਼ਮ ਇਕ ਮੋਟਰਸਾਈਕਲ, ਇਕ ਐਕਟਿਵਾ ਅਤੇ ਇਕ ਹੁੰਡਈ ਵੈਨਿਊ ਕਾਰ ’ਤੇ ਸਵਾਰ ਹੋ ਕੇ ਆਏ। ਸਾਰੇ ਮੁਲਜ਼ਮ ਤੇਜ਼ਧਾਰ ਹਥਿਆਰਾਂ ਅਤੇ ਨਾਜਾਇਜ਼ ਪਿਸਤੌਲਾਂ ਨਾਲ ਪੂਰੀ ਤਰ੍ਹਾਂ ਲੈਸ ਸਨ। ਦੁਕਾਨ ਦੇ ਬਾਹਰ ਪੁੱਜਦੇ ਹੀ ਮੁਲਜ਼ਮਾਂ ਨੇ ਪੂਰਜੇ ਪਰਿਵਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਪੀੜਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੇ, ਮੁਲਜ਼ਮ ਜਸਕਰਨ ਅਤੇ ਰੋਹਿਤ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਨਿਯਤ ਨਾਲ ਸਿੱਧਾ ਆਪਣੀ ਪਿਸਤੌਲ ਤਾਣ ਦਿੱਤੀ ਅਤੇ ਉਨ੍ਹਾਂ ਵੱਲ ਸਿੱਧਾ ਫਾਇਰ ਕਰ ਦਿੱਤਾ। ਪੀੜਤ ਅਤੇ ਉਸ ਦੇ ਪਰਿਵਾਰ ਨੇ ਕਾਊਂਟਰ ਅਤੇ ਦੁਕਾਨ ਦੀ ਕੰਧ ਦੇ ਪਿੱਛੇ ਲੁਕ ਕੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਪੁਲਸ ਦੀਆਂ ਸਪੈਸ਼ਨ ਟੀਮਾਂ ਮੁਲਜ਼ਮਾਂ ਦੀ ਲਾਸਟ ਲੋਕੇਸ਼ਨ ਟ੍ਰੇਸ ਕਰ ਰਹੀਆਂ ਹਨ। ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਸਾਰੇ ਹਮਲਾਵਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਜਾਵੇਗਾ।