ਪੰਜਾਬ ''ਚ ਕਾਟੋ-ਕਲੇਸ਼ ਵਿਚਾਲੇ ਵੱਡੇ ਕਾਂਗਰਸੀ ਆਗੂ ਇਕੋ ਮੰਚ ''ਤੇ ਨਜ਼ਰ ਆਉਣਗੇ

ਪੰਜਾਬ ''ਚ ਕਾਟੋ-ਕਲੇਸ਼ ਵਿਚਾਲੇ ਵੱਡੇ ਕਾਂਗਰਸੀ ਆਗੂ ਇਕੋ ਮੰਚ ''ਤੇ ਨਜ਼ਰ ਆਉਣਗੇ

ਪੰਜਾਬ ਕਾਂਗਰਸ ’ਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਧੜੇਬੰਦੀ ਅਤੇ ਆਪਸੀ ਖਿੱਚੋਤਾਣ ਦਰਮਿਆਨ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਪੰਜਾਬ ’ਚ ਪਹਿਲੀ ਐਂਟਰੀ ਨੇ ਸਿਆਸੀ ਮਾਹੌਲ ਨੂੰ ਅਚਾਨਕ ਬਦਲ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਸਚਿਨ ਪਾਇਲਟ ਨੇ ਅਜੇ ਤੱਕ ਪੰਜਾਬ ਦਾ ਆਪਣਾ ਪਹਿਲਾ ਦੌਰਾ ਵੀ ਨਹੀਂ ਕੀਤਾ ਪਰ ਉਨ੍ਹਾਂ ਵੱਲੋਂ ਦਿੱਤੀ ਗਏ ਇਕ ਵਿਰੋਧ ਪ੍ਰਦਰਸ਼ਨ ਦੇ ਸੱਦੇ ਨੇ ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਨੂੰ ਇਕ ਮੰਚ ’ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ।

15 ਸਤੰਬਰ ਨੂੰ ਹੋਣ ਵਾਲੇ ਕਾਂਗਰਸ ਦੇ ਪ੍ਰਦਰਸ਼ਨ ਨੂੰ ਲੈ ਕੇ ਪਾਰਟੀ ਅੰਦਰ ਜਿਸ ਤਰ੍ਹਾਂ ਦੀ ਸਰਗਰਮੀ ਵਿਖਾਈ ਦੇ ਰਹੀ ਹੈ, ਉਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਨਵੀਂ ਸਿਆਸੀ ਸ਼ੁਰੂਆਤ ਵਜੋਂ ਵੇਖਿਆ ਜਾ ਰਿਹਾ ਹੈ। ਪਾਇਲਟ ਨੇ ਖ਼ੁਦ ਇਸ ਪ੍ਰਦਰਸ਼ਨ ’ਚ ਸ਼ਾਮਲ ਹੋ ਕੇ ਇਸ ਦੀ ਅਗਵਾਈ ਕਰਨ ਦਾ ਸੰਕੇਤ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਪਾਰਟੀ ਦੇ ਆਗੂ ਅਤੇ ਵਰਕਰ ਇਸ ਪ੍ਰੋਗਰਾਮ ਲਈ ਤਿਆਰ ਹਨ।

                                         Image

ਸਿਆਸੀ ਤੌਰ 'ਤੇ ਸਭ ਤੋਂ ਮਹੱਤਵਪੂਰਨ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਐਕਸ ’ਤੇ ਪੋਸਟ ਪਾਉਂਦਿਆਂ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ 15 ਸਤੰਬਰ ਦੇ ਪ੍ਰਦਰਸ਼ਨ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕਰ ਦਿੱਤੀ। ਚੰਨੀ ਦੀ ਇਹ ਅਪੀਲ ਇਸ ਲਈ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੇ ਸਮੇਂ ’ਚ ਚੰਨੀ ਧੜੇ ਅਤੇ ਰਾਜਾ ਵੜਿੰਗ ਵਿਚਕਾਰ ਕਈ ਮੁੱਦਿਆਂ ’ਤੇ ਦੂਰੀ ਅਤੇ ਨਾਰਾਜ਼ਗੀ ਸਾਹਮਣੇ ਆਉਂਦੀ ਰਹੀ ਹੈ ਅਤੇ ਦੋਵੇਂ ਇਕੱਠੇ ਮੰਚ ਸਾਂਝਾ ਕਰਨ ਦੀ ਬਜਾਏ ਵੱਖੋ-ਵੱਖ ਪ੍ਰੋਗਰਾਮਾਂ ਤੇ ਧਰਨਿਆਂ ’ਚ ਸ਼ਿਰਕਤ ਕਰਦੇ ਰਹੇ ।

ਹੁਣ ਸਵਾਲ ਇਹ ਹੈ ਕਿ ਕੀ ਸਚਿਨ ਪਾਇਲਟ ਦੀ ਆਮਦ ਤੋਂ ਪਹਿਲਾਂ ਹੀ ਕਾਂਗਰਸ ਦੇ ਇਹ ਵੱਖ-ਵੱਖ ਧੜੇ ਇਕ ਵਾਰ ਫਿਰ ਸਾਂਝੇ ਮੰਚ ’ਤੇ ਆ ਰਹੇ ਹਨ? ਜੇ 15 ਸਤੰਬਰ ਨੂੰ ਚੰਡੀਗੜ੍ਹ 'ਚ ਹੋਣ ਵਾਲੇ ਪ੍ਰਦਰਸ਼ਨ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਸਮੇਤ ਪਾਰਟੀ ਦੇ ਹੋਰ ਵੱਡੇ ਆਗੂ ਇਕ ਮੰਚ ’ਤੇ ਨਜ਼ਰ ਆਉਂਦੇ ਹਨ ਤਾਂ ਇਹ ਪੰਜਾਬ ਕਾਂਗਰਸ ਲਈ ਸਿਰਫ਼ ਇਕ ਪ੍ਰਦਰਸ਼ਨ ਨਹੀਂ ਸਗੋਂ ਹਾਈਕਮਾਂਡ ਲਈ ਇਕ ਵੱਡਾ ਸਿਆਸੀ ਸੰਦੇਸ਼ ਵੀ ਹੋਵੇਗਾ।

ਭੂਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ। ਹੁਣ ਸਿਆਸੀ ਤੌਰ ’ਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪਾਇਲਟ ਦੀ ਪਹਿਲੀ ਪੰਜਾਬ ਐਂਟਰੀ ਹੀ ਕਿਸੇ ਸੰਗਠਨਾਤਮਕ ਮੀਟਿੰਗ, ਧੜਿਆਂ ਨਾਲ ਵੱਖ-ਵੱਖ ਮੁਲਾਕਾਤ ਜਾਂ ਬੰਦ ਕਮਰੇ ਦੀ ਚਰਚਾ ਨਾਲ ਨਹੀਂ ਸਗੋਂ ਇਕ ਜਨਤਕ ਪ੍ਰਦਰਸ਼ਨ ਨਾਲ ਹੋ ਰਹੀ ਹੈ। ਅਜੇ ਤੱਕ ਉਨ੍ਹਾਂ ਦਾ ਪੰਜਾਬ ਦੌਰੇ ਦਾ ਕੋਈ ਅਜਿਹਾ ਵੱਖਰਾ ਸ਼ਡਿਊਲ ਸਾਹਮਣੇ ਨਹੀਂ ਆਇਆ, ਜਿਸ ’ਚ ਵੱਡੀ ਗਿਣਤੀ ’ਚ ਪਾਰਟੀ ਆਗੂਆਂ, ਵੱਖ-ਵੱਖ ਕਮੇਟੀਆਂ ਜਾਂ ਸਮਾਜਿਕ ਸੰਗਠਨਾਂ ਨਾਲ ਮੀਟਿੰਗਾਂ ਦਾ ਜ਼ਿਕਰ ਹੋਵੇ। ਇਸ ਲਈ 15 ਸਤੰਬਰ ਦਾ ਪ੍ਰਦਰਸ਼ਨ ਉਨ੍ਹਾਂ ਦੀ ਪੰਜਾਬ ਸਿਆਸਤ ’ਚ ਪਹਿਲੀ ਵੱਡੀ ਜਨਤਕ ਮੌਜੂਦਗੀ ਬਣਨ ਜਾ ਰਿਹਾ ਹੈ।

2027 ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਏਕਤਾ ਕਾਂਗਰਸ ਲਈ ਹੋਰ ਵੀ ਮਹੱਤਵਪੂਰਨ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ, ਭਾਜਪਾ ਦੀ ਵਧ ਰਹੀ ਸਰਗਰਮੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਮੈਦਾਨ 'ਚ ਸਰਗਰਮ ਹੋਣ ਵਿਚਕਾਰ ਕਾਂਗਰਸ ਨੂੰ ਜੇ ਮੁੱਖ ਵਿਰੋਧੀ ਧਿਰ ਵਜੋਂ ਆਪਣੀ ਸਥਿਤੀ ਮਜ਼ਬੂਤ ਕਰਨੀ ਹੈ ਤਾਂ ਅੰਦਰੂਨੀ ਖਿੱਚੋਤਾਣ ਨੂੰ ਘਟਾਉਣਾ ਉਸ ਦੀ ਪਹਿਲੀ ਲੋੜ ਹੋਵੇਗੀ। ਇਸ ਲਈ 15 ਸਤੰਬਰ ਦਾ ਪ੍ਰਦਰਸ਼ਨ ਸਿਰਫ਼ ਸਰਕਾਰ ਖ਼ਿਲਾਫ਼ ਕਾਂਗਰਸ ਦਾ ਪ੍ਰੋਗਰਾਮ ਨਹੀਂ ਰਹੇਗਾ। ਇਹ ਨਵੇਂ ਇੰਚਾਰਜ ਸਚਿਨ ਪਾਇਲਟ ਲਈ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨੂੰ ਇਕ ਮੰਚ 'ਤੇ ਲਿਆਉਣ ਦੀ ਪਹਿਲੀ ਪਰਖ ਵੀ ਹੋਵੇਗੀ। ਜੇ ਇਹ ਪ੍ਰਯੋਗ ਸਫ਼ਲ ਰਹਿੰਦਾ ਹੈ ਤਾਂ 2027 ਦੀ ਚੋਣੀ ਜੰਗ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਇਕ ਨਵੇਂ ਸਿਆਸੀ ਅਧਿਆਇ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ।