2 ਨੌਜਵਾਨਾਂ ਨਾਲ ਲੱਖਾਂ ਦੀ ਠੱਗੀ ਮਾਰਨ ਮਗਰੋਂ ਪੈਸੇ ਵਾਪਸ ਮੰਗਣ ''ਤੇ ਬਿਸ਼ਨੋਈ ਗਰੁੱਪ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ

2 ਨੌਜਵਾਨਾਂ ਨਾਲ ਲੱਖਾਂ ਦੀ ਠੱਗੀ ਮਾਰਨ ਮਗਰੋਂ ਪੈਸੇ ਵਾਪਸ ਮੰਗਣ ''ਤੇ ਬਿਸ਼ਨੋਈ ਗਰੁੱਪ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ

ਵਿਦੇਸ਼ ਭੇਜਣ ਅਤੇ ਵਰਕ ਵੀਜ਼ਾ ਲੁਆਉਣ ਦੇ ਨਾਂ ’ਤੇ ਸ਼ਹਿਰ ਦੇ ਨਾਮੀ ਟ੍ਰੈਵਲ ਏਜੰਟ ਅਤੇ ਐਪਲ ਇਮੀਗ੍ਰੇਸ਼ਨ ਦੇ ਮਾਲਕ ਜੋਤ ਪ੍ਰਕਾਸ਼ ਸਿੰਘ, ਉਸ ਦੇ ਪਿਤਾ ਰਵਿੰਦਰਪਾਲ ਸਿੰਘ, ਪਾਰਟਨਰ ਕਮਲ ਮੁਲਤਾਨੀ, ਯਾਦਵਿੰਦਰ ਸਿੰਘ ਬੰਟੀ ਮਿਆਣੀ ਤੇ ਦੁਬਈ 'ਚ ਬੈਠੇ ਟ੍ਰੈਵਲ ਏਜੰਟ ਦੇਬੀ ਖ਼ਿਲਾਫ਼ ਲੁਧਿਆਣਾ ਪੁਲਸ ਵੱਲੋਂ 45 ਲੱਖ ਰੁਪਏ ਦੀ ਠੱਗੀ ਮਾਰਨ ਸਮੇਤ ਮਨੁੱਖੀ ਸਮੱਗਲਿੰਗ (ਹਿਊਮਨ ਟ੍ਰੈਫਿਕਿੰਗ) ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਦੀ ਭਾਲ 'ਚ ਹੁਣ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਪੀੜਤ ਭਾਵਿਕ ਸਾਰੰਗਲ ਅਤੇ ਸ਼ੁਭਮ ਮਹਿਤਾ ਨੇ ਦੱਸਿਆ ਕਿ ਜੋਤ ਪ੍ਰਕਾਸ਼ ਸਿੰਘ ਨੇ ਉਨ੍ਹਾਂ ਨੂੰ ਝਾਂਸਾ ਦਿੱਤਾ ਸੀ ਕਿ ਉਹ ਅੱਜਕਲ੍ਹ ਡੰਕੀ ਰੂਟ ਰਾਹੀਂ ਵੀ ਅਮਰੀਕਾ ਭੇਜਣ ਦਾ ਕੰਮ ਕਰਦਾ ਹੈ। ਸਾਲ 2022 'ਚ ਮੁਲਜ਼ਮਾਂ ਨੇ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਇਕ ਰੈਸਟੋਰੈਂਟ 'ਚ ਦੋਵਾਂ ਤੋਂ 5-5 ਲੱਖ ਰੁਪਏ ਟੋਕਨ ਮਨੀ ਵਜੋਂ ਲਏ। ਇਸ ਤੋਂ ਬਾਅਦ ਅਪ੍ਰੈਲ 2023 'ਚ ਅਮਰੀਕਾ ਦੀ ਅਪੁਆਇੰਟਮੈਂਟ ਦੇ ਨਾਂ 'ਤੇ 5-5 ਲੱਖ ਰੁਪਏ ਹੋਰ ਲਏ ਗਏ। ਪੈਸੇ ਦੇਣ ਦੇ ਬਾਵਜੂਦ ਜਦੋਂ ਅਪੁਆਇੰਟਮੈਂਟ ਨਹੀਂ ਆਈ ਤਾਂ ਉਹ ਜੋਤ ਪ੍ਰਕਾਸ਼ ਦੇ ਪਿਤਾ ਰਵਿੰਦਰਪਾਲ ਸਿੰਘ ਨੂੰ ਮਿਲੇ, ਜਿਸ ਨੇ ਟਾਲ-ਮਟੋਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵੀਜ਼ਾ ਚੀਮਾ ਚੌਕ ਨੇੜੇ ਰਹਿਣ ਵਾਲੇ ਕਮਲ ਮੁਲਤਾਨੀ ਅਤੇ ਯਾਦਵਿੰਦਰ ਬੰਟੀ ਰਾਹੀਂ ਹੀ ਲੱਗ ਰਿਹਾ ਹੈ, ਇਸ ਲਈ ਥੋੜ੍ਹਾ ਇੰਤਜ਼ਾਰ ਕਰਨ। ਸਾਲ 2023 ਦੇ ਅਖੀਰ 'ਚ ਭਰੋਸਾ ਦੇ ਕੇ ਏਜੰਟਾਂ ਨੇ ਸਾਢੇ 9 ਲੱਖ ਰੁਪਏ ਪ੍ਰਤੀ ਵਿਅਕਤੀ ਹੋਰ ਕੈਸ਼ ਲੈ ਲਿਆ। ਕੋਈ ਵੀਜ਼ਾ ਨਾ ਆਉਣ ’ਤੇ ਪੀੜਤਾਂ ਨੇ ਪੈਸੇ ਵਾਪਸ ਮੰਗਣਾ ਹੀ ਮੁਨਾਸਿਬ ਸਮਝਿਆ।

ਪੀੜਤਾਂ ਦਾ ਦਾਅਵਾ ਹੈ ਕਿ ਜਦੋਂ ਉਹ ਪੈਸੇ ਵਾਪਸ ਮੰਗਣ ਗਏ ਤਾਂ ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਸਚਿਨ ਬਿਸ਼ਨੋਈ ਨੂੰ ਵੀ ਅਮਰੀਕਾ ਭੇਜਿਆ ਹੈ, ਇਸ ਲਈ ਜੇਕਰ ਪੈਸੇ ਮੰਗੇ ਤਾਂ ਪੂਰੇ ਪਰਿਵਾਰ ਸਮੇਤ ਜਾਨੋਂ ਮਰਵਾ ਦੇਣਗੇ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਏਜੰਟ, ਦੁਬਈ ’ਚ ਸੈਟਲ ਹੋਏ ਦੇਬੀ ਨਾਂ ਦੇ ਏਜੰਟ ਦੇ ਚੇਲੇ ਹਨ, ਜੋ ਮੂਲ ਰੂਪ ’ਚ ਕਾਲਾ ਸੰਘਿਆਂ (ਕਪੂਰਥਲਾ) ਦਾ ਰਹਿਣ ਵਾਲਾ ਹੈ। ਉਹ ਪਹਿਲਾਂ ਦੁਬਈ ਅਤੇ ਬਾਅਦ 'ਚ ਮੈਕਸੀਕੋ ਜ਼ਰੀਏ ਡੰਕੀ ਰੂਟ ਰਾਹੀਂ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਦਾ ਹੈ, ਜਿਸ ਕਰਕੇ ਪੁਲਸ ਨੇ ਦੇਬੀ ਨੂੰ ਵੀ ਨਾਮਜ਼ਦ ਕੀਤਾ ਹੈ। ਮੁਲਜ਼ਮ ਕਮਲ ਮੁਲਤਾਨੀ ਹਾਲ ਹੀ 'ਚ ਗਾਇਕ ਮਨਕੀਰਤ ਔਲਖ ਨੂੰ 1 ਕਰੋੜ ਤੋਂ ਉੱਪਰ ਦੀ ਰੋਲੈਕਸ ਘੜੀ ਅਤੇ ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਵੀ ਘੜੀਆਂ ਗਿਫਟ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਆਇਆ ਸੀ।