- Updated: March 03, 2026 05:58 PM
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਵਿਰੁੱਧ ਚੱਲ ਰਿਹਾ ਫੌਜੀ ਅਭਿਆਨ 'ਓਪਰੇਸ਼ਨ ਐਪਿਕ ਫਿਊਰੀ' ਬਹੁਤ ਪ੍ਰਭਾਵਸ਼ਾਲੀ ਰਿਹਾ ਹੈ, ਪਰ ਸਭ ਤੋਂ ਭਿਆਨਕ ਪੜਾਅ ਅਜੇ ਸ਼ੁਰੂ ਹੋਣਾ ਹੈ। ਉਨ੍ਹਾਂ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਮਰੀਕਾ ਨੇ ਅਜੇ ਆਪਣੀ ਪੂਰੀ ਤਾਕਤ ਦੀ ਵਰਤੋਂ ਨਹੀਂ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਸ਼ੁਰੂਆਤੀ ਹਮਲਿਆਂ ਵਿੱਚ ਹੀ ਅਮਰੀਕਾ ਨੇ 49 ਇਰਾਨੀ ਆਗੂਆਂ ਨੂੰ ਖ਼ਤਮ ਕਰ ਦਿੱਤਾ ਹੈ। ਦੂਜੇ ਪਾਸੇ, ਇਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਅਨੁਸਾਰ, ਇਰਾਨ ਵਿੱਚ ਹੁਣ ਤੱਕ 787 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਟਰੰਪ ਨੇ ਅਗਲੇ ਪੜਾਅ ਨੂੰ 'ਵੱਡੀ ਲਹਿਰ' ਕਰਾਰ ਦਿੰਦੇ ਹੋਏ ਕਿਹਾ, "ਅਸੀਂ ਅਜੇ ਉਨ੍ਹਾਂ 'ਤੇ ਪੂਰੀ ਤਾਕਤ ਨਾਲ ਨਹੀਂ ਹਮਲਾ ਨਹੀਂ ਕੀਤਾ। ਵੱਡੀ ਕਾਰਵਾਈ ਜਲਦੀ ਹੋਵੇਗੀ।" ਉਨ੍ਹਾਂ ਉਮੀਦ ਜਤਾਈ ਕਿ ਇਹ ਜੰਗ ਲਗਭਗ ਚਾਰ ਹਫ਼ਤਿਆਂ ਤੱਕ ਖ਼ਤਮ ਹੋ ਜਾਵੇਗੀ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਪੁਸ਼ਟੀ ਕੀਤੀ ਹੈ ਕਿ ਇਸ ਜੰਗ ਵਿੱਚ ਹੁਣ ਤੱਕ 6 ਅਮਰੀਕੀ ਸੈਨਿਕ ਮਾਰੇ ਗਏ ਹਨ ਅਤੇ ਕਈ ਗੰਭੀਰ ਜ਼ਖਮੀ ਹੋਏ ਹਨ।
ਇਸ ਮਾਮਲੇ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਇਹ 'ਪ੍ਰੀ-ਐਮਪਟਿਵ' (ਪਹਿਲਾਂ ਕੀਤੇ ਗਏ) ਹਮਲੇ ਸਨ ਕਿਉਂਕਿ ਅਮਰੀਕਾ ਨੂੰ ਪਤਾ ਸੀ ਕਿ ਜੇਕਰ ਇਜ਼ਰਾਈਲ ਹਮਲਾ ਕਰਦਾ ਹੈ, ਤਾਂ ਇਰਾਨ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ। ਇਸ ਲਈ ਅਮਰੀਕਾ ਨੇ ਆਪਣੀ ਸੁਰੱਖਿਆ ਲਈ ਪਹਿਲਾਂ ਹੀ ਹਮਲਾ ਕਰ ਦਿੱਤਾ।
ਟਰੰਪ ਨੇ ਮੰਨਿਆ ਕਿ ਇਰਾਨ ਦੁਆਰਾ ਬਹਿਰੀਨ, ਜਾਰਡਨ, ਕੁਵੈਤ ਅਤੇ ਯੂਏਈ ਵਰਗੇ ਦੇਸ਼ਾਂ 'ਤੇ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਉਨ੍ਹਾਂ ਲਈ ਇੱਕ 'ਵੱਡਾ ਸਰਪ੍ਰਾਈਜ਼' ਸਨ। ਇਸ ਜੰਗ 'ਚ ਜਿੱਥੇ ਰਿਪਬਲਿਕਨ ਪਾਰਟੀ ਟਰੰਪ ਦੇ ਇਸ ਕਦਮ ਦਾ ਸਮਰਥਨ ਕਰ ਰਹੀ ਹੈ, ਉੱਥੇ ਹੀ ਡੈਮੋਕ੍ਰੇਟਿਕ ਲੀਡਰ ਚੱਕ ਸ਼ੂਮਰ ਨੇ ਇਸ ਨੂੰ ਇੱਕ 'ਚੁਣਿਆ ਹੋਇਆ ਯੁੱਧ' ਦੱਸਿਆ ਹੈ ਅਤੇ ਕਿਹਾ ਹੈ ਕਿ ਪ੍ਰਸ਼ਾਸਨ ਕੋਲ ਕੋਈ ਸਪੱਸ਼ਟ ਰਣਨੀਤੀ ਨਹੀਂ ਹੈ।