2 ਪੰਜਾਬੀ ਥਾਈਲੈਂਡ ''ਚ ਡੌਂਕਰਾਂ ਦੇ ਹਵਾਲੇ ਕੀਤੇ ,  24 ਲੱਖ ''ਖਾਨ ਬਾਬਾ ਗਿਰੋਹ'' ਨੂੰ ਦੇ ਕੇ ਭਾਰਤ ਪੁੱਜਾ ਮਨਪ੍ਰੀਤ

2 ਪੰਜਾਬੀ ਥਾਈਲੈਂਡ ''ਚ ਡੌਂਕਰਾਂ ਦੇ ਹਵਾਲੇ ਕੀਤੇ ,  24 ਲੱਖ ''ਖਾਨ ਬਾਬਾ ਗਿਰੋਹ'' ਨੂੰ ਦੇ ਕੇ ਭਾਰਤ ਪੁੱਜਾ ਮਨਪ੍ਰੀਤ

ਵਿਦੇਸ਼ ਜਾਣ ਦੇ ਸੁਨਹਿਰੀ ਸੁਪਨੇ ਵਿਖਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਮਨੁੱਖੀ ਸਮੱਗਲਿੰਗ ਦੇ ਖ਼ਤਰਨਾਕ ਜਾਲ ਵਿਚ ਧੱਕਣ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਸਪੇਨ ਭੇਜਣ ਦਾ ਵਾਅਦਾ ਕਰਕੇ 2 ਨੌਜਵਾਨਾਂ ਨੂੰ 30 ਜੁਲਾਈ ਨੂੰ ਦਿੱਲੀ ਤੋਂ ਥਾਈਲੈਂਡ ਭੇਜੇ ਜਾਣ ਅਤੇ ਉਥੇ ਕਥਿਤ ਤੌਰ 'ਤੇ ਡੌਂਕਰਾਂ ਦੇ ਹਵਾਲੇ ਕਰਨ ਦੇ ਦੋਸ਼ ਲੱਗੇ ਹਨ। ਪਰਿਵਾਰਾਂ ਦਾ ਦਾਅਵਾ ਹੈ ਕਿ ਦੋਵਾਂ ਨੌਜਵਾਨਾਂ ਨੂੰ ਕਰੀਬ 10 ਦਿਨ ਤੱਕ ਬੰਧਕ ਬਣਾ ਕੇ ਕਥਿਤ ਤਸ਼ੱਦਦ ਕੀਤਾ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ। ਮਾਮਲੇ ਵਿਚ ਕਥਿਤ 'ਖਾਨ ਬਾਬਾ ਗਿਰੋਹ' ਦਾ ਨਾਂ ਸਾਹਮਣੇ ਆਉਣ ਕਾਰਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।

ਪੀੜਤ ਪਰਿਵਾਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਸਾਰੀ ਘਟਨਾ ਦੱਸੀ ਅਤੇ ਇਨਸਾਫ਼ ਦੀ ਗੁਹਾਰ ਲਗਾਈ। ਪਰਿਵਾਰਾਂ ਨੇ ਕਥਿਤ ਟ੍ਰੈਵਲ ਏਜੰਟਾਂ ਅਤੇ ਡੌਂਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਾਲ ਥਾਈਲੈਂਡ ਵਿਚ ਫਸੇ ਕੁਲਰਾਜ ਸਿੰਘ ਦੀ ਸੁਰੱਖਿਅਤ ਵਤਨ ਵਾਪਸੀ ਦੀ ਮੰਗ ਕੀਤੀ।

ਪਰਿਵਾਰਾਂ ਮੁਤਾਬਕ ਪਿੰਡ ਗਿੱਲਾਂ, ਸੁਲਤਾਨਪੁਰ ਲੋਧੀ ਦੇ ਮਨਪ੍ਰੀਤ ਸਿੰਘ ਅਤੇ ਪਿੰਡ ਮਾਣਕ, ਜ਼ਿਲ੍ਹਾ ਜਲੰਧਰ ਦੇ ਕੁਲਰਾਜ ਸਿੰਘ ਨੂੰ ਸਪੇਨ ਭੇਜਣ ਸਬੰਧੀ ਗੱਲਬਾਤ ਲੋਹੀਆਂ ਵਾਸੀ ਸੰਜੀਵ ਕੁਮਾਰ ਨਾਲ ਹੋਈ ਸੀ, ਜਿਸ ਦਾ ਡੱਲਾ ਪਿੰਡ ਵਿਖੇ ਦਫ਼ਤਰ ਦੱਸਿਆ ਗਿਆ ਹੈ। ਦੋਵਾਂ ਨੌਜਵਾਨਾਂ ਨੂੰ ਸਪੇਨ ਪਹੁੰਚਾਉਣ ਲਈ ਕਥਿਤ ਤੌਰ ’ਤੇ 11.5 ਲੱਖ ਰੁਪਏ ਪ੍ਰਤੀ ਨੌਜਵਾਨ ਦੀ ਗੱਲ ਹੋਈ ਸੀ ਅਤੇ ਰਕਮ ਸਪੇਨ ਪਹੁੰਚਣ ਮਗਰੋਂ ਦੇਣੀ ਤੈਅ ਹੋਈ ਸੀ।

ਪਰਿਵਾਰਾਂ ਦਾ ਦੋਸ਼ ਹੈ ਕਿ 30 ਜੁਲਾਈ ਨੂੰ ਦੋਵਾਂ ਨੂੰ ਦਿੱਲੀ ਏਅਰਪੋਰਟ ਤੋਂ ਥਾਈਲੈਂਡ ਲਈ ਇਹ ਕਹਿ ਕੇ ਰਵਾਨਾ ਕੀਤਾ ਗਿਆ ਕਿ ਉਥੇ ਸਿਰਫ਼ ਇਕ ਸਟੈਂਪ ਲੱਗਣੀ ਹੈ ਅਤੇ ਕਰੀਬ ਇਕ ਘੰਟੇ ਬਾਅਦ ਸਪੇਨ ਦੀ ਅਗਲੀ ਉਡਾਣ ਕਰਵਾ ਦਿੱਤੀ ਜਾਵੇਗੀ। ਥਾਈਲੈਂਡ ਪਹੁੰਚਣ ਮਗਰੋਂ ਦੋਵਾਂ ਨੂੰ ਸਪੇਨ ਭੇਜਣ ਦੀ ਬਜਾਏ ਕਥਿਤ ਤੌਰ ’ਤੇ ਡੌਂਕਰਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਬੰਧਕ ਬਣਾ ਲਿਆ।
ਭਾਰਤ ਪਰਤੇ ਮਨਪ੍ਰੀਤ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦਾਅਵਾ ਕੀਤਾ ਕਿ ਉਸ ਸਮੇਂ ਹਰ ਪਲ ਉਸ ਨੂੰ ਆਪਣੀ ਜਾਨ ਦਾ ਡਰ ਬਣਿਆ ਰਹਿੰਦਾ ਸੀ। ਉਸ ਅਨੁਸਾਰ ਉਸ ਨੂੰ ਅਤੇ ਕੁਲਰਾਜ ਨੂੰ ਡਰਾ-ਧਮਕਾ ਕੇ ਕਥਿਤ ਤੌਰ ’ਤੇ ਤਸ਼ੱਦਦ ਕੀਤਾ ਗਿਆ। ਪਰਿਵਾਰਾਂ ਨਾਲ ਸੰਪਰਕ ਕਰ ਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਅਤੇ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਪਰਿਵਾਰਾਂ ਨੂੰ ਤਸ਼ੱਦਦ ਦੀਆਂ ਆਡੀਓ ਰਿਕਾਰਡਿੰਗਾਂ ਭੇਜ ਕੇ ਦਹਿਸ਼ਤ ਪੈਦਾ ਕਰਨ ਦਾ ਵੀ ਦੋਸ਼ ਹੈ।

ਮਨਪ੍ਰੀਤ ਦੇ ਪਰਿਵਾਰ ਅਨੁਸਾਰ ਉਸ ਦੀ ਰਿਹਾਈ ਲਈ ਡੌਂਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਵੱਖ-ਵੱਖ ਸਮਿਆਂ ’ਤੇ ਕਰੀਬ 24 ਲੱਖ ਰੁਪਏ ਦਿੱਤੇ ਗਏ। ਇਸ ਤੋਂ ਬਾਅਦ ਮਨਪ੍ਰੀਤ ਨੂੰ ਰਿਹਾਅ ਕਰ ਦਿੱਤਾ ਗਿਆ। ਪਰਿਵਾਰ ਲਈ ਸਭ ਤੋਂ ਵੱਡਾ ਹੈਰਾਨੀਜਨਕ ਪੱਖ ਇਹ ਰਿਹਾ ਕਿ ਕਰੀਬ ਦੋ ਘੰਟਿਆਂ ਬਾਅਦ ਹੀ ਉਸ ਨੂੰ ਭਾਰਤ ਦੀ ਫਲਾਈਟ ਕਰਵਾ ਦਿੱਤੀ ਗਈ। ਮਨਪ੍ਰੀਤ ਦੇ ਦਾਅਵੇ ਮੁਤਾਬਕ ਉਹ ਬਿਨਾਂ ਪਾਸਪੋਰਟ ਦੇ ਸਿਰਫ਼ ਟਿਕਟ ਦੇ ਆਧਾਰ ’ਤੇ ਭਾਰਤ ਵਾਪਸ ਪਹੁੰਚਿਆ। ਇਸ ਪੂਰੇ ਘਟਨਾਚੱਕਰ ਨੇ ਸੁਰੱਖਿਆ ਪ੍ਰਬੰਧਾਂ ਅਤੇ ਕਥਿਤ ਮਨੁੱਖੀ ਸਮੱਗਲਿੰਗ ਦੇ ਨੈੱਟਵਰਕ ਬਾਰੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਦੂਜੇ ਪਾਸੇ ਕੁਲਰਾਜ ਸਿੰਘ ਦੀ ਪਤਨੀ ਨੇਹਾ ਦਾ ਦੋਸ਼ ਹੈ ਕਿ ਡੌਂਕਰਾਂ ਨੇ ਪਰਿਵਾਰ ਤੋਂ 8 ਲੱਖ ਰੁਪਏ ਲੈਣ ਦੇ ਬਾਵਜੂਦ ਹੋਰ 15 ਲੱਖ ਰੁਪਏ ਦੀ ਮੰਗ ਕੀਤੀ। ਪਰਿਵਾਰ ਵਲੋਂ ਹੋਰ ਰਕਮ ਦੇਣ ਤੋਂ ਅਸਮਰੱਥਤਾ ਜਤਾਉਣ ਮਗਰੋਂ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਕੁਲਰਾਜ ਖ਼ਿਲਾਫ਼ ਕਥਿਤ ਝੂਠਾ ਮਾਮਲਾ ਦਰਜ ਕਰਵਾ ਕੇ ਉਸ ਨੂੰ ਥਾਈਲੈਂਡ ਦੀ ਜੇਲ ਵਿਚ ਭੇਜ ਦਿੱਤਾ ਗਿਆ। ਪਰਿਵਾਰ ਹੁਣ ਉਸ ਦੀ ਸੁਰੱਖਿਅਤ ਵਾਪਸੀ ਲਈ ਸਰਕਾਰੀ ਦਖ਼ਲ ਦੀ ਉਡੀਕ ਕਰ ਰਿਹਾ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ. ਜੀ. ਪੀ. ਪੰਜਾਬ ਅਤੇ ਵਿਦੇਸ਼ ਮੰਤਰਾਲਾ ਤੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ‘ਖਾਨ ਬਾਬਾ ਗਿਰੋਹ’ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਇਸ ਦੇ ਪਿੱਛੇ ਕੰਮ ਕਰ ਰਹੇ ਪੂਰੇ ਨੈੱਟਵਰਕ ਦੀਆਂ ਜੜ੍ਹਾਂ ਤੱਕ ਪਹੁੰਚਣਾ ਜ਼ਰੂਰੀ ਹੈ। ਸੰਤ ਸੀਚੇਵਾਲ ਨੇ ਇਹ ਵੀ ਸਵਾਲ ਉਠਾਇਆ ਕਿ ਇਕ ਵਿਅਕਤੀ ਬਿਨਾਂ ਪਾਸਪੋਰਟ ਦੇ ਸਿਰਫ਼ ਟਿਕਟ ਦੇ ਆਧਾਰ ’ਤੇ ਭਾਰਤ ਕਿਵੇਂ ਪਹੁੰਚ ਗਿਆ? ਉਨ੍ਹਾਂ ਕਿਹਾ ਕਿ ਇਸ ਪੱਖ ਦੀ ਵੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਸ ਕਥਿਤ ਨੈੱਟਵਰਕ ਵਿਚ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਹੋਰ ਕਿੰਨੇ ਨੌਜਵਾਨ ਇਸ ਦਾ ਸ਼ਿਕਾਰ ਬਣ ਚੁੱਕੇ ਹਨ।