- Updated: February 13, 2026 05:29 PM
ਮੁਠੱਡਾ ਕਲਾਂ ਦੇ ਤਿੰਨ ਦੋਸਤਾਂ ਦੀ ਸੜਕ ਹਾਦਸੇ 'ਚ ਹੋਈ ਮੌਤ ਨੂੰ ਅਜੇ ਕੋਈ ਭੁਲਾ ਨਹੀਂ ਸਕਿਆ ਸੀ ਕਿ ਇਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ। ਥਾਣਾ ਗੁਰਾਇਆ ਦੇ ਪਿੰਡ ਦੁਸਾਂਝ ਕਲਾਂ ਨੇੜੇ ਵਾਪਰੇ ਹਾਦਸੇ ਵਿਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਗੋਰਾਇਆ ਵਿਖੇ ਦੁਸਾਂਝ ਕਲਾਂ-ਫਗਵਾੜਾ ਰੋਡ ਇੰਦਣਾਂ ਕਲਾਸਕੇ ਗੇਟ ਨੇੜੇ ਐਕਟਿਵਾ ਸਕੂਟਰੀ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ।

ਇਸ ਹਾਦਸੇ ਵਿਚ ਦੋ ਨਾਬਾਲਗ ਦੋਸਤਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਬਾਈਕ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਕਟਿਵਾ 'ਤੇ ਜਾ ਰਹੇ ਦੋ ਨਾਬਾਲਗ ਦੋਸਤਾਂ ਦੀ ਸਪਲੈਂਡਰ ਬਾਈਕ ਸਵਾਰ ਲੋਕਾਂ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਚਾਰੇ ਗੰਭੀਰ ਜ਼ਖਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਦੋਵਾਂ ਨਾਬਾਲਗਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਏ।

ਪਿੰਡ ਦੇ ਪੰਚ ਮਨਵੀਰ ਸਿੰਘ ਨੇ ਦੱਸਿਆ ਕਿ ਐਕਟਿਵਾ 'ਤੇ ਸਵਾਰ ਹੋ ਕੇ ਸਮਰ (15) ਪੁੱਤਰ ਧੀਰਜ ਅਤੇ ਬਿਕਰਮ (16) ਪੁੱਤਰ ਸ਼ਮਸ਼ੇਰ ਸਿੰਘ ਫਗਵਾੜਾ ਵੱਲ ਜਾ ਰਹੇ ਸਨ। ਸਮਰ 8ਵੀਂ ਜਮਾਤ ਦਾ ਵਿਦਿਆਰਥੀ ਸੀ ਜਦਕਿ ਬਿਕਰਮ ਸਿੰਘ 11ਵੀਂ ਜਮਾਤ ਵਿਚ ਪੜ੍ਹਦਾ ਸੀ। ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਬੱਚਿਆਂ ਨੂੰ ਫਗਵਾੜਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ (ਡੀ. ਐੱਮ. ਸੀ) ਰੈਫਰ ਕਰ ਦਿੱਤਾ ਗਿਆ। ਬਦਕਿਸਮਤੀ ਨਾਲ ਬਿਕਰਮ ਦੀ ਰਸਤੇ 'ਚ ਹੀ ਮੌਤ ਹੋ ਗਈ, ਜਦਕਿ ਸਮਰ ਦੀ ਹਸਪਤਾਲ ਪਹੁੰਚਣ 'ਤੇ ਮੌਤ ਹੋ ਗਈ। ਟੱਕਰ ਦੇ ਦੂਜੇ ਪਾਸੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਲੋਕ ਸਵਾਰ ਸਨ, ਜੋ ਫਗਵਾੜਾ ਤੋਂ ਦੋਸਾਂਝ ਕਲਾਂ ਵੱਲ ਜਾ ਰਹੇ ਸਨ। ਉਹ ਵੀ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਸ ਦੀ ਕਾਰਵਾਈ
ਦੋਸਾਂਝ ਕਲਾਂ ਪੁਲਸ ਥਾਣਾ ਦੇ ਇੰਚਾਰਜ ਜੰਗ ਬਹਾਦਰ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਿਲੌਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।