ਅੰਮ੍ਰਿਤਸਰ ’ਚ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਕੇ ਨੌਜਵਾਨਾਂ ਤੋਂ ਮੋਟਰਸਾਈਕਲ ਲੁੱਟਿਆ

ਅੰਮ੍ਰਿਤਸਰ ’ਚ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਕੇ ਨੌਜਵਾਨਾਂ ਤੋਂ ਮੋਟਰਸਾਈਕਲ ਲੁੱਟਿਆ

ਹਰਭਜਨ ਸਿੰਘ ਵਾਸੀ ਮੁਹੱਲਾ ਬਹਿਰਾਮ ਜ਼ਿਲ੍ਹਾ ਅੰਮ੍ਰਿਤਸਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 24 ਅਗਸਤ ਦੁਪਹਿਰ ਨੂੰ 1 ਵਜੇ ਉਹ ਆਪਣੇ ਰਿਸ਼ਤੇਦਾਰ ਦਾਰਾ ਸਿੰਘ ਪੁੱਤਰ ਸੁਲੱਖਣ ਸਿੰਘ ਦੇ ਘਰ ਮਰਗ ਦਾ ਭੋਗ ’ਤੇ ਜਾ ਰਿਹਾ ਸੀ। ਜਿੱਥੇ ਉਹ ਆਪਣੇ ਚਾਚੇ ਤੇ ਲੜਕੇ ਅਰਜਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਏ ਸੀ। ਅਖੰਡ ਪਾਠ ਸਾਹਿਬ ਦਾ ਭੋਗ ਪੈਣ ਤੋਂ ਬਾਅਦ ਆਪਣੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਸੁੱਗਾ ਦਾ ਮੋਟਰਸਾਈਕਲ M.T 50 ਮਾਰਕਾ ਜਾਹਮਾ ਰੰਗ ਕਾਲਾ ਨੰਬਰੀ PB 46-AQ- 1636 ਲੈ ਕੇ ਮੈਂ ਅਤੇ ਅਰਜਨ ਸਿੰਘ ਝੂਟਾ ਲੈਣ ਲਈ ਪਿੰਡ ਸੁੱਗਾ ਤੋਂ ਭੂਰੇ ਰੋਡ ’ਤੇ ਚੱਲ ਪਏ ।

ਜਦ ਅਸੀਂ ਪਿੰਡ ਸੁੱਗਾ ਤੋਂ ਅੱਧਾ ਕਿਲੋਮੀਟਰ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਪਿੱਛੇ ਦੋ ਮੋਨੇ ਨੌਜਵਾਨ ਸਪਲੈਂਡਰ ਮੋਟਰਸਾਈਕਲ ’ਤੇ ਅਤੇ ਉਨ੍ਹਾਂ ਆਪਣਾ ਮੋਟਰਸਾਈਕਲ ਸਾਡੇ ਮੋਟਰਸਾਈਕਲ ਅੱਗੇ ਲਗਾ ਕੇ ਉਨ੍ਹਾਂ ਨੇ ਸਾਨੂੰ ਰੋਕ ਲਿਆ । ਉਕਤ ਦੋਨੋਂ ਨੌਜਵਾਨ ਆਪਣੇ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਆਏ ਅਤੇ ਉਨ੍ਹਾਂ ਸਾਡੇ ਕੋਲੋਂ ਮੋਟਰਸਾਈਕਲ ਦੀ ਚਾਬੀ ਖੋਹ ਲਈ। ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਨੌਜਵਾਨਾਂ ਨੇ ਆਪਣੇ-ਆਪਣੇ ਪਿਸਤੌਲ ਕੱਢ ਕੇ ਉਨ੍ਹਾਂ ’ਤੇ ਤਾਣ ਦਿੱਤੇ । ਜਦੋਂ ਮੁਦੱਈ ਦੇ ਭਰਾ ਅਰਜਨ ਸਿੰਘ ਵੱਲੋਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ’ਚੋਂ ਇੱਕ ਨੌਜਵਾਨ ਨੇ ਗੋਲੀ ਅਰਜਨ ਸਿੰਘ ਦੀ ਖੱਬੀ ਲੱਤ ਦੇ ਪੱਟ ’ਤੇ ਮਾਰ ਦਿੱਤੀ ਅਤੇ ਉਹ ਡਰਦੇ ਹੋਏ ਆਪਣਾ ਮੋਟਰਸਾਈਕਲ ਛੱਡ ਕੇ ਪਿੱਛੇ ਹੋ ਗਏ। ਫਿਰ ਇਹ ਦੋਵੇਂ ਨੌਜਵਾਨ ਆਪਣਾ ਮੋਟਰਸਾਈਕਲ ਅਤੇ ਉਨ੍ਹਾਂ ਦਾ ਮੋਟਰਸਾਇਕਲ ਲੈ ਕੇ ਪਿੰਡ ਭੂਰੇ ਵੱਲ ਫਰਾਰ ਹੋ ਗਏ । ਘਟਨਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਸੂਚਨਾ ਦਿੱਤੀ ਅਤੇ ਰਿਸ਼ਤੇਦਾਰ ਮੌਕੇ ’ਤੇ ਆ ਗਏ। ਜਿਸ ਤੋਂ ਬਾਅਦ ਅਰਜਨ ਸਿੰਘ ਨੂੰ ਭਿੱਖੀਵਿੰਡ ਦੇ ਹਸਪਤਾਲ ’ਚ ਦਾਖਲ ਕਰਵਾਇਆ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।