ਯੂਨੀਅਨ ਸਿੱਖ ਇਟਲੀ ਵੱਲੋਂ ਸ੍ਰੀ ਸਾਹਿਬ ਪਾਉਣ ’ਤੇ ਅੰਮ੍ਰਿਤਧਾਰੀ ਸਿੱਖ ’ਤੇ ਦਰਜ ਕੇਸ ਦੀ ਕਾਨੂੰਨੀ ਕਾਰਵਾਈ ਹੋਈ ਸ਼ੁਰੂ

ਯੂਨੀਅਨ ਸਿੱਖ ਇਟਲੀ ਵੱਲੋਂ ਸ੍ਰੀ ਸਾਹਿਬ ਪਾਉਣ ’ਤੇ ਅੰਮ੍ਰਿਤਧਾਰੀ ਸਿੱਖ ’ਤੇ ਦਰਜ ਕੇਸ ਦੀ ਕਾਨੂੰਨੀ ਕਾਰਵਾਈ ਹੋਈ ਸ਼ੁਰੂ

ਇਟਲੀ ਦਾ ਕਾਨੂੰਨ ਇੱਥੇ ਵੱਸਦੇ ਸਿੱਖਾਂ ਨੂੰ ਜਨਤਕ ਥਾਵਾਂ ’ਤੇ ਕ੍ਰਿਪਾਨ (ਸ੍ਰੀ ਸਾਹਿਬ) ਪਾਉਣ ਦੀ ਇਜਾਜ਼ਤ ਨਹੀ ਦਿੰਦਾ, ਜਿਸ ਕਰਕੇ ਕਈ ਸਿੱਖਾਂ ਨੂੰ ਜਾਣੇ-ਅਨਜਾਣੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਚੱਲਦੇ ਇੱਥੋਂ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਸਾਹਮਣੇ ਆਇਆ ਸੀ, ਜਿੱਥੇ 3 ਕੁ ਮਹੀਨੇ ਪਹਿਲਾਂ ਸੀਜ਼ਨ ਵਾਲੇ ਪੇਪਰਾਂ ’ਤੇ ਆਏ ਅੰਮ੍ਰਿਤਧਾਰੀ ਗੁਰਸਿੱਖ ਗੁਰਬਚਨ ਸਿੰਘ ਖਾਲਸਾ (45) ਨੂੰ ਸਥਾਨਕ ਪੁਲਸ ਨੇ ਘੇਰ ਲਿਆ। ਦਰਅਸਲ ਗੁਰਬਚਨ ਸਿੰਘ ਨੇ 6 ਸੈਂਟੀਮੀਟਰ ਤੋਂ ਵੱਡੀ ਸ੍ਰੀ ਸਾਹਿਬ ਜਨਤਕ ਪਹਿਨੀ ਹੋਈ ਸੀ,ਜਿਸ ਨੂੰ ਚਾਕੂ ਸਮਝ ਪੁਲਸ ਵੱਲੋਂ ਉਸ 'ਤੇ ਕੇਸ ਪਾ ਦਿੱਤਾ ਗਿਆ। ਇਸ ਮਗਰੋਂ ਗੁਰਬਚਨ ਸਿੰਘ ਖਾਲਸਾ ਨੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਸੀ।

ਇਟਲੀ ’ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਨੇ ਗੁਰਬਚਨ ਸਿੰਘ ਨੂੰ ਉਸ ’ਤੇ ਹੋਏ ਕੇਸ ਦੀ ਪੈਰਵਾਈ ਆਪਣੇ ਵਕੀਲਾਂ ਤੋਂ ਕਰਵਾਉਣ ਦਾ ਭਰੋਸਾ ਦਿੱਤਾ ਸੀ ਅਤੇ ਬੀਤੇ ਕੱਲ ਮਿਲਾਨ ਵਿਖੇ ਉਪਰੋਕਤ ਯੂਨੀਅਨ ਆਗੂਆਂ ਅਤੇ ਗੁਰਬਚਨ ਸਿੰਘ ਖਾਲਸਾ ਨੇ ਯੂਨੀਅਨ ਦੀ ਲੀਗਲ ਟੀਮ ਕ੍ਰਿਸਤੀਆਨਾ ਚੀਆਨੀਤੋ ਨੂੰ ਮਿਲ ਕੇ ਆਪਣਾ ਪੱਖ ਰੱਖ ਕੇ ਕਾਗਜ਼ੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ। ਲੀਗਲ ਟੀਮ ਨੂੰ ਮਿਲਣ ਉਪਰੰਤ ਭਾਈ ਗੁਰਬਚਨ ਸਿੰਘ ਖਾਲਸਾ ਨੇ ਗੱਲਬਾਤ ਕਰਦਿਆਂ ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਅਤੇ ਭਾਈ ਇਕਬਾਲ ਸਿੰਘ ਸੋਢੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਹੜੇ ਉਸਦੀ ਮਦਦ ਕਰ ਰਹੇ ਹਨ।