ਜ਼ਮਾਨਤ ’ਤੇ ਕੁੱਝ ਦਿਨ ਪਹਿਲਾਂ ਹੀ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਹੋਇਆ ਕਤਲ

ਜ਼ਮਾਨਤ ’ਤੇ ਕੁੱਝ ਦਿਨ ਪਹਿਲਾਂ ਹੀ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਹੋਇਆ ਕਤਲ

ਗੁਰੂ ਨਗਰੀ ਅੰਮ੍ਰਿਤਸਰ ਵਿਚ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਦਸਿਆ ਜਾ ਰਿਹਾ ਕਿ ਨੌਜਵਾਨ ਕੁੱਝ ਦਿਨ ਪਹਿਲਾਂ ਜ਼ਮਾਨਤ ’ਤੇ ਜੇਲ ਵਿਚੋਂ ਬਾਹਰ ਆਇਆ ਸੀ ਅਤੇ ਅੱਜ ਉਸ ਨੂੰ ਬਲੈਰੋ ਗੱਡੀ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਤਿੰਨ ਗੋਲੀਆਂ ਮਾਰੀਆਂ। ਘਟਨਾ ਵਿਚ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ। ਅੰਮ੍ਰਿਤਸਰ ਦੇ ਬਾਈਪਾਸ ’ਤੇ ਵਾਪਰੀ ਘਟਨਾ ਵਿਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਰੁਪਿੰਦਰ ਸਿੰਘ ਵਾਸੀ ਪਿੰਡ ਘਨੂਪੁਰ ਕਾਲੇ ਕੇ ਵਜੋਂ ਹੋਈ ਹੈ। ਨੌਜਵਾਨ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ।

ਘਟਨਾ ਮੌਕੇ ਮ੍ਰਿਤਕ ਦੇ ਨਾਲ ਕਾਰ ਵਿਚ ਮੌਜੂਦ ਸਾਥੀ ਹਰਪ੍ਰੀਤ ਅਨੁਸਾਰ ਰੁਪਿੰਦਰ ਅਪਣੇ 3 ਹੋਰ ਸਾਥੀਆਂ ਸਮੇਤ ਕਾਰ ਵਿਚ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਪਹਿਲਾਂ ਤੋਂ ਹੀ ਬਲੈਰੋ ਗੱਡੀ ਵਿਚ ਇੰਤਜ਼ਾਰ ਕਰ ਰਹੇ 2 ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਸ ਮਗਰੋਂ ਉਹ ਤੁਰੰਤ ਅਪਣੇ ਜ਼ਖ਼ਮੀ ਸਾਥੀ ਨੂੰ ਨਿੱਜੀ ਹਸਪਤਲ ਲੈ ਕੇ ਗਿਆ ਜਿਥੇ ਡਾਕਟਰਾਂ ਨੇ ਰੁਪਿੰਦਰ ਨੂੰ ਮ੍ਰਿਤਕ ਐਲਾਨ ਦਿਤਾ ।

ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਨੇ ਦਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਵਿਚ ਪਿੰਡ ਘਨੂਪੁਰ ਕਾਲੇ ਕੇ ਦੇ ਵਾਸੀ ਰੁਪਿੰਦਰ ਦੀ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਰੁਪਿੰਦਰ ਅਤੇ ਸਾਥੀਆਂ ਖਿਲਾਫ 302 ਦਾ ਮਾਮਲਾ ਦਰਜ ਸੀ ਤੇ ਕੁੱਝ ਦਿਨ ਪਹਿਲਾਂ ਹੀ ਰੁਪਿੰਦਰ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਹਮਲਾਵਰਾਂ ਬਾਰੇ ਜਾਣਕਾਰੀ ਹਸਿਲ ਕੀਤੀ ਜਾਵੇਗੀ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।