- Updated: November 10, 2026 12:10 PM
ਥਾਣਾ ਬੀ ਡਵੀਜ਼ਨ ਦੇ ਇਲਾਕੇ ਵਿਚ ਪੁਰਾਣੇ ਸੋਨੇ ਦੇ ਲੈਣ-ਦੇਣ ਅਤੇ ਆਪਸੀ ਰੰਜਿਸ਼ ਨੂੰ ਲੈ ਕੇ ਹੋਏ ਵਿਵਾਦ ਵਿਚ ਤਾਬੜਤੋੜ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਏ. ਐੱਸ. ਆਈ. ਹਰਨੇਕ ਸਿੰਘ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਸ਼ਾਮਲ ਪ੍ਰਤਾਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦ ਕਿ ਉਸ ਦਾ ਭਰਾ ਵਿਕਰਮ ਸਿੰਘ ਉਰਫ਼ ਵਿਸ਼ਾਲ ਅਤੇ ਇਕ ਮੁਲਜ਼ਮ ਦਿਲਬਾਗ ਸਿੰਘ ਹਸਪਤਾਲ ਵਿਚ ਇਲਾਜ ਅਧੀਨ ਹਨ। ਪੁਲਸ ਨੇ ਕਾਰਵਾਈ ਕਰਦਿਆਂ ਦੋਵਾਂ ਮੁੱਖ ਮੁਲਜ਼ਮਾਂ ਰਣਜੀਤ ਸਿੰਘ ਅਤੇ ਦਿਲਬਾਗ ਸਿੰਘ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਅਨੁਸਾਰ 8 ਨਵੰਬਰ ਨੂੰ ਪ੍ਰਤਾਪ ਸਿੰਘ ਅਤੇ ਵਿਕਰਮ ਸਿੰਘ ਉਰਫ਼ ਵਿਸ਼ਾਲ ਨੇ ਥਾਣਾ ਬੀ-ਡਵੀਜ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿਚ ਉਨ੍ਹਾਂ ਨੇ ਆਪਣੇ ਸਾਬਕਾ ਸਾਥੀਆਂ ਅਤੇ ਪਰਿਵਾਰਕ ਜਾਣ-ਪਛਾਣ ਵਾਲੇ ਸੁਨਿਆਰਿਆਂ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ ਸਨ। ਸ਼ਿਕਾਇਤ ਦੀ ਜਾਂਚ ਲਈ ਏ. ਐੱਸ. ਆਈ. ਹਰਨੇਕ ਸਿੰਘ ਪੁਲਸ ਕਰਮਚਾਰੀਆਂ ਨਾਲ ਮੌਕੇ ’ਤੇ ਪਹੁੰਚੇ ਅਤੇ ਸ਼ਿਕਾਇਤਕਰਤਾਵਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਮੁਲਜ਼ਮ ਰਣਜੀਤ ਸਿੰਘ ਅਤੇ ਦਿਲਬਾਗ ਸਿੰਘ ਉਥੇ ਪਹੁੰਚ ਗਏ। ਦੋਸ਼ ਹੈ ਕਿ ਦਿਲਬਾਗ ਸਿੰਘ ਨੇ ਆਉਂਦਿਆਂ ਹੀ 45 ਬੋਰ ਦੇ ਪਿਸਤੌਲ ਨਾਲ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਏ. ਐੱਸ. ਆਈ. ਹਰਨੇਕ ਸਿੰਘ ਦੇ ਪੱਟ ਵਿਚ ਗੋਲੀ ਲੱਗੀ, ਜਦ ਕਿ ਪ੍ਰਤਾਪ ਸਿੰਘ ਅਤੇ ਉਸ ਦਾ ਭਰਾ ਵਿਕਰਮ ਸਿੰਘ ਉਰਫ਼ ਵਿਸ਼ਾਲ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਬਾਅਦ ਵਿਚ ਪ੍ਰਤਾਪ ਸਿੰਘ ਦੀ ਮੌਤ ਹੋ ਗਈ।
ਏ. ਡੀ. ਸੀ. ਪੀ. ਸਿਟੀ-3 ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਮੁਸਤੈਦੀ ਦਿਖਾਉਂਦਿਆਂ ਫਾਇਰਿੰਗ ਕਰ ਰਹੇ ਦਿਲਬਾਗ ਸਿੰਘ ਨੂੰ ਕਾਬੂ ਕਰਨ ਦਾ ਯਤਨ ਕੀਤਾ। ਇਸੇ ਦੌਰਾਨ ਦੂਜੇ ਮੁਲਜ਼ਮ ਰਣਜੀਤ ਸਿੰਘ ਨੇ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨਾਲ ਹੱਥੋਪਾਈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕਾਰਵਾਈ ਦੌਰਾਨ ਰਣਜੀਤ ਸਿੰਘ ਦੀ ਚਲਾਈ ਗੋਲੀ ਉਸ ਦੇ ਆਪਣੇ ਭਰਾ ਦਿਲਬਾਗ ਸਿੰਘ ਨੂੰ ਲੱਗ ਗਈ, ਜਿਸ ਨਾਲ ਉਹ ਵੀ ਜ਼ਖ਼ਮੀ ਹੋ ਗਿਆ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ।
ਜ਼ਖ਼ਮੀ ਦਿਲਬਾਗ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਸ ਨੂੰ ਅੱਗੇ ਦੇ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਪੁਲਸ ਨੇ ਮਾਮਲੇ ਵਿਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਵਰਤਿਆ 45 ਬੋਰ ਪਿਸਤੌਲ ਮੈਗਜ਼ੀਨ ਸਮੇਤ ਅਤੇ 32 ਬੋਰ ਰਿਵਾਲਵਰ, ਕਾਰਤੂਸ ਤੇ ਖ਼ਾਲੀ ਖੋਲ ਬਰਾਮਦ ਕੀਤੇ ਗਏ ਹਨ। ਪੁਲਸ ਕਮਿਸ਼ਨਰ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।