ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ-ਭਾਜਪਾ ਤੇ ਪੁਨਰ ਸੁਰਜੀਤ ਦੇ ਗੱਠਜੋੜ ਦੀਆਂ ਖ਼ਬਰਾਂ ਨੂੰ ਲੈ ਕੇ ਵੱਡਾ ਬਿਆਨ

ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ-ਭਾਜਪਾ ਤੇ ਪੁਨਰ ਸੁਰਜੀਤ ਦੇ ਗੱਠਜੋੜ ਦੀਆਂ ਖ਼ਬਰਾਂ ਨੂੰ ਲੈ ਕੇ ਵੱਡਾ ਬਿਆਨ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਗੱਠਜੋੜ ਦੀਆਂ ਖ਼ਬਰਾਂ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਕਰਦੀ ਹੈ, ਤਾਂ ਉਹ ਭਾਜਪਾ ਨਾਲ ਗੱਠਜੋੜ ਬਿਲਕੁਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਿਸੇ ਵੀ ਅਜਿਹੀ ਪਾਰਟੀ ਨਾਲ ਗਠਜੋੜ ਕਰਨ ਲਈ ਤਿਆਰ ਹਨ, ਜਿਹੜੀ ਪੰਜਾਬ ਅਤੇ ਪੰਥ ਦੇ ਮੁੱਦਿਆਂ ਤੇ ਉਨ੍ਹਾਂ ਨਾਲ ਸਹਿਮਤ ਹੈ। ਉਨ੍ਹਾਂ ਇਹ ਵੀ ਆਖ਼ਿਆ ਕਿ ਜੇਕਰ ਭਾਜਪਾ ਉਨ੍ਹਾਂ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ ਤਾਂ ਇਹ ਸਿਰਫ਼ ਪੰਜਾਬ ਤੇ ਪੰਥ ਦੇ ਮਸਲੇ ਹੱਲ ਕਰਨ ਦੇ ਅਧਾਰ 'ਤੇ ਹੀ ਹੋ ਸਕਦਾ ਹੈ।

ਰੇਰੂ ਸਾਹਿਬ ਵਿਖੇ ਅਕਾਲੀ ਦਲ ਪੁਨਰ-ਸੁਰਜੀਤ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਛੱਡ ਕੇ ਜਾਣ ਵਾਲਿਆਂ 'ਤੇ ਵੀ ਤਿੱਖੇ ਹਮਲੇ ਬੋਲੇ। ਪੱਤਰਕਾਰਾਂ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਬਾਰਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਲੋਕ ਹੀ ਚਿੱਠੀ ਲੈ ਕੇ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਏ ਸਨ ਅਤੇ ਵਿਦੇਸ਼ਾਂ ਤੱਕ ਸਿਫਾਰਸ਼ਾਂ ਪਵਾਉਂਦੇ ਰਹੇ ਕਿ ਸਿੰਘ ਸਹਿਬਾਨ ਸੁਖਬੀਰ ਬਾਦਲ ਨੂੰ ਪੰਥ 'ਚੋਂ ਛੇਕ ਦੇਣ। ਮੀਟਿੰਗ ਦੌਰਾਨ ਚੰਦੂਮਾਜਰਾ ਬਾਰੇ ਬੋਲਦਿਆ ਉਨ੍ਹਾਂ ਕਿਹਾ ਇਹ ਨਾਂ ਤਾਂ ਗੱਦਾਰੀ ਕਰਨ ਲਈ ਸਿੱਖ ਇਤਿਹਾਸ ਵਿੱਚ ਵੈਸੇ ਹੀ ਬਦਨਾਮ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਵੀ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਨੇ ਝੂਠ ਬੋਲਿਆ ਸੀ। ਉੱਥੇ ਸੁਖਬੀਰ ਬਾਦਲ ਨੇ ਜਰੂਰ ਸੱਚ ਬੋਲਿਆ ਸੀ, ਜੇ ਉਹ ਆਪਣੇ ਸੱਚ 'ਤੇ ਖੜਾ ਰਹਿੰਦਾ ਤਾਂ ਸ਼ਾਇਦ ਕਾਮਯਾਬ ਹੋ ਜਾਂਦਾ। ਪਰ ਉਹ ਮੁਕਤਸਰ ਸਾਹਿਬ ਜਾ ਕੇ ਮੁੱਕਰ ਗਿਆ, ਜੋ ਬਹੁਤ ਵੱਡਾ ਗੁਨਾਹ ਹੈ। ਇਸੇ ਤਰ੍ਹਾਂ ਬੀਬੀ ਜਗੀਰ ਕੌਰ ਨੇ ਪਿਛਲੀ ਐੱਸ. ਜੀ. ਪੀ. ਸੀ. ਚੋਣ ਹਾਰਨ ਵੇਲੇ ਕਿਹਾ ਸੀ ਕਿ ਮੈਂਬਰਾਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਹੁਣ ਤੁਹਾਡੀ ਜਮੀਰ ਕਿੱਥੇ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋ ਬੰਦਿਆਂ ਦੇ ਕਹਿਣ 'ਤੇ ਪ੍ਰਧਾਨਗੀ ਸੰਭਾਲੀ ਸੀ, ਜਿੰਨਾਂ ਵਿਚ ਇਕ ਸੁਖਦੇਵ ਸਿੰਘ ਢੀਂਡਸਾ ਸੀ ਜਿੰਨਾਂ ਨੇ ਕਿਹਾ ਸੀ ਕਿ ਇਹ ਆਪਸੀ ਵਿਵਾਦ ਕਾਰਨ ਪ੍ਰਧਾਨਗੀ ਨਹੀਂ ਸੰਭਾਲ ਸਕਦੇ ਅਤੇ ਖਿੱਲਰ ਜਾਣਗੇ, ਇਸ ਲਈ ਤੁਸੀਂ ਅਗਵਾਈ ਕਰੋ। ਦੂਜੇ ਰਵੀਇੰਦਰ ਸਿੰਘ ਸਨ ਜਿੰਨਾ ਕਿਹਾ ਸੀ ਕਿ 'ਅਸੀਂ ਤੁਹਾਡੇ ਘਰ ਦਾ ਚੁੱਲ੍ਹਾ ਨਹੀਂ ਬੁੱਝਣ ਦਿੰਦੇ, ਤੁਸੀਂ ਅਕਾਲੀ ਦਲ ਲਈ ਕੰਮ ਕਰੋ।' ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਹਿਲੀ ਸਪੀਚ ਵਿਚ ਕਿਹਾ ਸੀ ਕਿ ਮੈਨੂੰ ਸਿਆਸੀ ਤਜ਼ਰਬਾ ਨਹੀਂ, ਇਸ ਲਈ ਮੇਰੀਆਂ ਬਾਹਵਾਂ ਬਣਿਓ, ਪਰ ਜਿੰਨਾਂ ਨੇ ਬਾਹਵਾਂ ਬਣਨ ਦਾ ਵੱਧ ਭਰੋਸਾ ਦਿੱਤਾ ਸੀ, ਉਹੀ ਸਭ ਤੋਂ ਪਹਿਲਾਂ ਛੱਡ ਕੇ ਲਾਂਭੇ ਹੋ ਗਏ। ਉਨ੍ਹਾਂ ਕਿਹਾ ਕਿ ਉਹ ਭੱਜਣ ਵਾਲਿਆਂ 'ਚੋਂ ਨਹੀਂ ਤੇ ਹਰ ਇਕ ਮੁਸੀਬਤ ਦਾ ਡੱਟ ਕੇ ਸਾਹਮਣਾ ਕਰਨਗੇ।