ਬਠਿੰਡਾ ਥਰਮਲ ਪਲਾਂਟ ਫਲਾਈਓਵਰ ਨੇੜੇ ਭਿਆਨਕ ਹਾਦਸਾ, 10 ਸਾਲਾ ਬੱਚੇ ਦੀ ਮੌਤ, ਦੋ ਹੋਰ ਗੰਭੀਰ ਜ਼ਖਮੀ

ਬਠਿੰਡਾ ਥਰਮਲ ਪਲਾਂਟ ਫਲਾਈਓਵਰ ਨੇੜੇ ਭਿਆਨਕ ਹਾਦਸਾ, 10 ਸਾਲਾ ਬੱਚੇ ਦੀ ਮੌਤ, ਦੋ ਹੋਰ ਗੰਭੀਰ ਜ਼ਖਮੀ

ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਫਲਾਈਓਵਰ ਨੇੜੇ ਮਲੋਟ ਰੋਡ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਥਾਰ ਗੱਡੀ ਨੇ ਸਕੂਟੀ ਅਤੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਭਿਆਨਕ ਹਾਦਸੇ ਵਿੱਚ ਇੱਕ 10 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਹਾਦਸਾ ਰਾਤ ਕਰੀਬ 8 ਵਜੇ ਵਾਪਰਿਆ। ਤੇਜ਼ ਰਫ਼ਤਾਰ ਥਾਰ ਗੱਡੀ ਨੇ ਸਕੂਟੀ ਅਤੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰਨ ਦੇ ਨਾਲ-ਨਾਲ ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਇੱਕ 10 ਸਾਲਾ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਮਾਮਲੇ ਸਬੰਧੀ ਡੀਐਸਪੀ ਅਰੁਣ ਮੁੰਡਨ ਵੱਲੋਂ ਇੱਕ ਮੌਤ ਦੀ ਪੁਸ਼ਟੀ ਕੀਤੀ ਗਈ ਅਤੇ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਉੱਧਰ ਇਸ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਵੱਲੋਂ ਸੜਕ ਜਾਮ ਕਰਕੇ ਧਰਨਾ ਲਗਾਇਆ ਗਿਆ। ਲੋਕਾਂ ਨੇ ਮ੍ਰਿਤਕ ਬੱਚੇ ਲਈ ਇਨਸਾਫ਼ ਦੀ ਮੰਗ ਕਰਦਿਆਂ ਇਸ ਸੜਕ ‘ਤੇ ਬੈਰੀਕੇਡਿੰਗ, ਸਟਰੀਟ ਲਾਈਟਾਂ ਅਤੇ ਚੌਂਕ ਬਣਾਉਣ ਦੀ ਮੰਗ ਉਠਾਈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਪਰਿਵਾਰ ਨੂੰ ਇਸ ਤਰ੍ਹਾਂ ਦਾ ਦਰਦ ਨਾ ਸਹਿਣਾ ਪਵੇ।