ਯੂਕ੍ਰੇਨ ਦੇ ਰਾਸ਼ਟਰਪਤੀ ਨਾਲ PM ਮੋਦੀ ਦੀ ਗੱਲਬਾਤ, ਸ਼ਾਂਤੀ ਯਤਨਾਂ ਲਈ ਭਾਰਤ ਦੇ ਸਮਰਥਨ ਦਾ ਭਰੋਸਾ

ਯੂਕ੍ਰੇਨ ਦੇ ਰਾਸ਼ਟਰਪਤੀ ਨਾਲ PM ਮੋਦੀ ਦੀ ਗੱਲਬਾਤ, ਸ਼ਾਂਤੀ ਯਤਨਾਂ ਲਈ ਭਾਰਤ ਦੇ ਸਮਰਥਨ ਦਾ ਭਰੋਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਰੂਸ-ਯੂਕ੍ਰੇਨ ਜੰਗ ਦੇ ਤਾਜ਼ਾ ਹਾਲਾਤ ਅਤੇ ਭਾਰਤ-ਯੂਕ੍ਰੇਨ ਦੇ ਸਬੰਧਾਂ ’ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਗੱਲਬਾਤ ਦੌਰਾਨ ਜ਼ੈਲੇਂਸਕੀ ਨੇ ਪ੍ਰਧਾਨ ਮੰਤਰੀ ਨੂੰ ਜੰਗ ਨਾਲ ਜੁੜੀਆਂ ਹਾਲੀਆ ਘਟਨਾਵਾਂ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੰਗ ਦਾ ਹੱਲ ਗੱਲਬਾਤ ਨਾਲ ਨਿਕਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਨ ਦੀ ਹਰ ਕੋਸ਼ਿਸ਼ ਵਿਚ ਭਾਰਤ ਨਾਲ ਖੜ੍ਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਜੰਗ ਨੂੰ ਮਨੁੱਖੀ ਦ੍ਰਿਸ਼ਟੀਕੋਣ ਨਾਲ ਦੇਖਦਾ ਹੈ। ਭਾਰਤ ਲਗਾਤਾਰ ਰੂਸ ਅਤੇ ਯੂਕ੍ਰੇਨ ਨਾਲ ਗੱਲਬਾਤ ਰਾਹੀਂ ਵਿਵਾਦ ਸੁਲਝਾਉਣ ਦੀ ਅਪੀਲ ਕਰਦਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਇਹ ਜੰਗ ਦਾ ਦੌਰ ਨਹੀਂ ਹੈ ਅਤੇ ਕਿਸੇ ਵੀ ਵਿਵਾਦ ਨੂੰ ਗੱਲਬਾਤ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ।

ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਭਾਰਤ ਦੋਵਾਂ ਦੇਸ਼ਾਂ ਦੇ ਸੰਪਰਕ ਵਿਚ ਹੈ। ਭਾਰਤ ਨੇ ਯੂਕ੍ਰੇਨ ਨੂੰ ਮਨੁੱਖੀ ਮਦਦ ਵੀ ਭੇਜੀ ਹੈ। ਉੱਥੇ ਹੀ, ਰੂਸ ਨਾਲ ਵੀ ਭਾਰਤ ਦੇ ਪੁਰਾਣੇ ਅਤੇ ਮਜ਼ਬੂਤ ਸਬੰਧ ਹਨ। ਭਾਰਤ ਦਾ ਲਗਾਤਾਰ ਇਹੀ ਕਹਿਣਾ ਰਿਹਾ ਹੈ ਕਿ ਜੰਗ ਖ਼ਤਮ ਕਰਨ ਦਾ ਰਸਤਾ ਗੱਲਬਾਤ ਅਤੇ ਕੂਟਨੀਤੀ ਨਾਲ ਹੀ ਨਿਕਲੇਗਾ। ਪ੍ਰਧਾਨ ਮੰਤਰੀ ਮੋਦੀ ਰੂਸ ਅਤੇ ਯੂਕ੍ਰੇਨ, ਦੋਵਾਂ ਦੇਸ਼ਾਂ ਦੇ ਨੇਤਾਵਾਂ ਸਾਹਮਣੇ ਇਹ ਗੱਲ ਰੱਖ ਚੁੱਕੇ ਹਨ।

ਭਾਰਤ-ਯੂਕ੍ਰੇਨ ਦੇ ਸਬੰਧ ਮਜ਼ਬੂਤ ਕਰਨ ’ਤੇ ਵੀ ਗੱਲ
ਦੋਵਾਂ ਨੇਤਾਵਾਂ ਨੇ ਭਾਰਤ ਅਤੇ ਯੂਕ੍ਰੇਨ ਵਿਚਾਲੇ ਸਬੰਧ ਮਜ਼ਬੂਤ ਕਰਨ ’ਤੇ ਵੀ ਚਰਚਾ ਕੀਤੀ। ਉਨ੍ਹਾਂ ਵੱਖ-ਵੱਖ ਖੇਤਰਾਂ ਵਿਚ ਮਿਲ ਕੇ ਕੰਮ ਕਰਨ ਦੇ ਤਰੀਕਿਆਂ ’ਤੇ ਗੱਲ ਕੀਤੀ, ਤਾਂ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲ ਸਕੇ। ਹਾਲਾਂਕਿ, ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਨਹੀਂ ਦੱਸਿਆ ਕਿ ਕਿਨ੍ਹਾਂ ਖੇਤਰਾਂ ਵਿਚ ਸਹਿਯੋਗ ਵਧਾਉਣ ’ਤੇ ਚਰਚਾ ਹੋਈ। ਇਹ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਗੱਲਬਾਤ ਦੌਰਾਨ ਕੋਈ ਨਵਾਂ ਸਮਝੌਤਾ ਹੋਇਆ ਹੈ ਜਾਂ ਨਹੀਂ।