- Updated: November 10, 2026 09:05 PM
ਥਾਣਾ ਪੀਏਯੂ ਦੇ ਅਧੀਨ ਆਉਂਦੇ ਸਾਊਥ ਸਿਟੀ ਇਲਾਕੇ ਵਿੱਚ ਪੀਏਯੂ ਦੇ ਗੇਟ ਨੰਬਰ 8 ਨੇੜੇ 7 ਨਵੰਬਰ ਦੀ ਰਾਤ ਨੂੰ ਪੱਤਰਕਾਰ ਜੋੜੇ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ 48 ਘੰਟਿਆਂ ਦੇ ਅੰਦਰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ 7 ਨਵੰਬਰ ਦੀ ਰਾਤ ਨੂੰ ਥਾਣਾ ਪੀਏਯੂ ਦੇ ਇਲਾਕੇ ਵਿੱਚ ਪੱਤਰਕਾਰ ਗਗਨਦੀਪ ਅਰੋੜਾ ਅਤੇ ਉਸ ਦੀ ਪਤਨੀ ਪੱਤਰਕਾਰ ਨਵਨੀਤ ਕੌਰ ਦੀਵਾਲੀ ਦੀ ਖਰੀਦਦਾਰੀ ਕਰਕੇ ਆਪਣੀ ਕਾਰ ਵਿੱਚ ਸਵਾਰ ਹੋ ਕੇ ਘਰ ਵੱਲ ਜਾ ਰਹੇ ਸਨ। ਇਸੇ ਦੌਰਾਨ ਪੀਏਯੂ ਦੇ ਗੇਟ ਨੰਬਰ 8 ਨੇੜੇ ਐਕਟਿਵਾ ਸਵਾਰ ਇੱਕ ਵਿਅਕਤੀ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰਦਿਆਂ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਪੱਤਰਕਾਰ ਜੋੜੇ ਨੇ ਆਪਣੀ ਜਾਨ ਬਚਾਉਣ ਲਈ ਕਾਰ ਭਜਾ ਲਈ, ਪਰ ਐਕਟਿਵਾ ਸਵਾਰ ਮੁਲਜ਼ਮ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਦਾ ਰਿਹਾ ਅਤੇ ਕਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਰਿਹਾ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਪੀਏਯੂ ਵਿੱਚ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਕਰਦਿਆਂ 48 ਘੰਟਿਆਂ ਦੇ ਅੰਦਰ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਪੀਏਯੂ ਦੀ ਪੁਲਿਸ ਨੇ ਹੰਬੜਾਂ ਰੋਡ ’ਤੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਵਿਅਕਤੀ ਨੂੰ ਨਾਜਾਇਜ਼ ਪਿਸਤੌਲ ਅਤੇ 7 ਜਿੰਦਾ ਰੌਂਦਾਂ ਸਮੇਤ ਕਾਬੂ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਪਛਾਣ ਰਵਿੰਦਰ ਸਿੰਘ ਉਰਫ਼ ਰਵੀ ਪੁੱਤਰ ਰਾਜਿੰਦਰ ਸਿੰਘ ਵਾਸੀ ਬਲਾਕ ਡੀ, ਮਾਡਲ ਟਾਊਨ ਐਕਸਟੈਂਸ਼ਨ ਵਜੋਂ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰਨ ’ਤੇ ਉਸ ਨੇ 7 ਨਵੰਬਰ ਨੂੰ ਪੱਤਰਕਾਰ ਜੋੜੇ ’ਤੇ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਕਬੂਲ ਕੀਤਾ ਇਸ ਮੌਕੇ ਏਡੀਸੀਪੀ-3 ਆਈਪੀਐਸ ਧਰਾਵਥ ਸਾਈ ਪ੍ਰਕਾਸ਼, ਏਡੀਸੀਪੀ ਕ੍ਰਾਈਮ ਰੁਪਿੰਦਰ ਕੌਰ ਭੱਟੀ, ਏਸੀਪੀ ਵੈਸਟ ਜਤਿੰਦਰ ਪਾਲ ਸਿੰਘ, ਥਾਣਾ ਪੀਏਯੂ ਦੇ ਮੁਖੀ ਇੰਸਪੈਕਟਰ ਕੁਲਵੰਤ ਸਿੰਘ, ਕ੍ਰਾਈਮ ਬ੍ਰਾਂਚ ਦੇ ਮੁਖੀ ਇੰਸਪੈਕਟਰ ਅਵਤਾਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।
ਡੀਸੀਪੀ ਸਿਟੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਵਿੰਦਰ ਸਿੰਘ ਉਰਫ਼ ਰਵੀ ਤੋਂ ਜਦੋਂ ਪੁਲਸ ਟੀਮ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਕਈ ਮਹੀਨੇ ਪਹਿਲਾਂ ਉਸ ਨੇ ਇਹ ਪਿਸਤੌਲ ਐਮਬੀਡੀ ਮਾਲ ਨੇੜੇ ਖੜ੍ਹੀ ਇਕ ਕਾਰ ਵਿਚੋਂ ਚੋਰੀ ਕੀਤੀ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਉਕਤ ਪਿਸਤੌਲ ਨਾਲ ਫਾਇਰਿੰਗ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸੇ ਪਿਸਤੌਲ ਨਾਲ ਮੁਲਜ਼ਮ ਨੇ ਥਾਣਾ ਪੀਏਯੂ ਅਤੇ ਥਾਣਾ ਮਾਡਲ ਟਾਊਨ ਦੇ ਇਲਾਕਿਆਂ ਵਿੱਚ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਫਾਇਰਿੰਗ ਦੇ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਮੁਲਜ਼ਮ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 5, ਥਾਣਾ ਮੋਤੀ ਨਗਰ, ਮਾਡਲ ਟਾਊਨ ਅਤੇ ਦੁੱਗਰੀ ਵਿੱਚ ਨਸ਼ਾ ਤਸਕਰੀ, ਲੁੱਟ-ਖੋਹ, ਚੋਰੀ ਸਮੇਤ ਕਈ ਸੰਗੀਨ ਅਪਰਾਧਾਂ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਉਸ ਤੋਂ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਹੋਰ ਖੁਲਾਸੇ ਕਰ ਸਕਦੀ ਹੈ।