- Updated: October 31, 2026 09:16 AM
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਜੋਸ਼ੀਮਠ ਖੇਤਰ ਦੇ ਅਧੀਨ ਵੱਡਾ ਹੈਲੀਕਾਪਟਰ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬਦਰੀਨਾਥ ਧਾਮ ਤੋਂ 6 ਸ਼ਰਧਾਲੂਆਂ ਨੂੰ ਲੈ ਕੇ ਰਿਸ਼ੀਕੇਸ਼ ਵਲ ਜਾ ਰਿਹਾ ਟਰਾਂਸ ਕੰਪਨੀ ਦਾ ਹੈਲੀਕਾਪਟਰ ਖ਼ਰਾਬ ਮੌਸਮ ਕਾਰਨ ਚਾਂਈ ਅਤੇ ਥੈਂਗ ਪਿੰਡ ਦੇ ਉੱਪਰ ਕ੍ਰੈਸ਼ ਹੋ ਗਿਆ। ਹਾਦਸੇ ’ਚ ਹੈਲੀਕਾਪਟਰ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ।
ਚਮੋਲੀ ਦੇ ਐਸ.ਪੀ. ਸੁਰਜੀਤ ਸਿੰਘ ਪੰਵਾਰ ਨੇ ਦਸਿਅ ਕਿ ਹੈਲੀਕਾਪਟਰ ਵਿਚ ਸਵਾਰ ਸਾਰੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਾਣਕਾਰੀ ਅਨੁਸਾਰ, ਹੈਲੀਕਾਪਟਰ ਬਦਰੀਨਾਥ ਧਾਮ ਤੋਂ ਯਾਤਰੀਆਂ ਨੂੰ ਲੈ ਕੇ ਰਿਸ਼ੀਕੇਸ਼ ਵਲ ਰਵਾਨਾ ਹੋਇਆ ਸੀ। ਇਸੇ ਦੌਰਾਨ ਮੌਸਮ ਖ਼ਰਾਬ ਹੋਣ ਕਾਰਨ ਜੋਸ਼ੀਮਠ ਖੇਤਰ ’ਚ ਇਹ ਹਾਦਸਾ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਸਰਗਰਮ ਹੋ ਗਈਆਂ। ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਗੌਰਵ ਕੁਮਾਰ ਅਨੁਸਾਰ, ਫ਼ੌਜ ਵਲੋਂ ਪ੍ਰਸ਼ਾਸਨ ਨੂੰ ਹੈਲੀਕਾਪਟਰ ਹਾਦਸੇ ਦੀ ਸੂਚਨਾ ਦਿਤੀ ਗਈ ਸੀ।
ਇਸ ਤੋਂ ਬਾਅਦ ਪ੍ਰਸ਼ਾਸਨ ਨੇ ਲੋਕੇਸ਼ਨ ਟਰੇਸ ਕਰ ਕੇ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ਨੇ ਬਦਰੀਨਾਥ ਤੋਂ ਦੇਹਰਾਦੂਨ ਦੇ ਸਹਸਤਰਧਾਰਾ ਹੈਲੀਪੈਡ ਲਈ ਦੁਪਹਿਰ 13:12 ਵਜੇ ਉਡਾਣ ਭਰੀ ਪਰ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਬਾਅਦ ਜੋਸ਼ੀਮੱਠ ਨੇੜੇ ਹਾਥੀ ਪਾਰਵਤੀਆ ਖੇਤਰ ਵਿਚ ਉਸ ਨਾਲ ਸੰਪਰਕ ਟੁੱਟ ਗਿਆ। ਉਨ੍ਹਾਂ ਕਿਹਾ ਕਿ ਲਾਪਤਾ ਹੈਲੀਕਾਪਟਰ ਦੀ ਰਿਪੋਰਟ ਇਕ ਫ਼ੌਜੀ ਚੌਕੀ ਤੋਂ ਮਿਲੀ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ,‘‘ਜੋਸ਼ੀਮੱਠ ਨੇੜੇ ਚੈਨ ਪਿੰਡ ਵਿਚ ਇਕ ਹੈਲੀਕਾਪਟਰ ਹਾਦਸੇ ਬਾਰੇ ‘ਮੰਦਭਾਗੀ’ ਜਾਣਕਾਰੀ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ, ਆਫ਼ਤ ਪ੍ਰਬੰਧਨ ਵਿਭਾਗ ਅਤੇ ਐਸਡੀਆਰਐਫ਼ ਸਾਂਝੇ ਤੌਰ ’ਤੇ ਰਾਹਤ ਅਤੇ ਬਚਾਅ ਕਾਰਜ ਚਲਾ ਰਹੇ ਹਨ। ਮੈਂ ਵੀ ਪੂਰੀ ਘਟਨਾ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹਾਂ।’’