ਭਾਖੜਾ ਨਹਿਰ ‘ਚੋਂ  26 ਸਾਲ ਬਾਅਦ ਮਿਲੀ ਵੈਨ, ਬੱਚੇ ਸਣੇ ਇਕੋ ਪਰਿਵਾਰ ਦੇ ਲਾਪਤਾ 4 ਮੈਂਬਰਾਂ ਦੇ ਕੰਕਾਲ ਮਿਲੇ

ਭਾਖੜਾ ਨਹਿਰ ‘ਚੋਂ  26 ਸਾਲ ਬਾਅਦ ਮਿਲੀ ਵੈਨ, ਬੱਚੇ ਸਣੇ ਇਕੋ ਪਰਿਵਾਰ ਦੇ ਲਾਪਤਾ 4 ਮੈਂਬਰਾਂ ਦੇ ਕੰਕਾਲ ਮਿਲੇ

ਰੋਪੜ ਤੋਂ ਬਹੁਤ ਹੀ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜਿਥੇ 26 ਸਾਲ ਬਾਅਦ ਭਾਖੜਾ ਨਹਿਰ ‘ਚੋਂ ਵੈਨ ਮਿਲੀ ਹੈ। ਨਹਿਰ ‘ਚੋਂ ਇੱਕੋਂ ਪਰਿਵਾਰ ਦੇ ਲਾਪਤਾ ਮੈਂਬਰਾਂ ਦੇ ਕੰਕਾਲ ਵੀ ਬਰਾਮਦ ਕੀਤੇ ਗਏ ਹਨ। ਹਾਦਸੇ ਮੌਕੇ ਵੈਨ ਵਿਚ 3 ਵਿਅਕਤੀਆਂ ਸਣੇ 8 ਸਾਲ ਦਾ ਜਵਾਕ ਸਵਾਰ ਸੀ।

ਦੱਸ ਦੇਈਏ ਕਿ 20 ਅਕਤੂਬਰ 2000 ‘ਚ ਵੈਨ ਭਾਖੜਾ ਨਹਿਰ ਵਿਚ ਡੁੱਬੀ ਸੀ ਤੇ ਇਸ ਵੈਨ ਵਿਚ ਬੱਚੇ ਸਣੇ 4 ਲੋਕ ਸਵਾਰ ਸਨ । ਗੋਤਾਖੋਰ ਕਮਲਪ੍ਰੀਤ ਸੈਣੀ ਨੂੰ ਨਹਿਰ ‘ਚ ਵੈਨ ਦਿਖੀ ਸੀ। ਉਸ ਨੇ ਦੱਸਿਆ ਕਿ ਕਰੀਬ 32 ਫੁੱਟ ਡੂੰਘਾਈ ‘ਚ ਵੈਨ ਮਿਲੀ ਹੈ ਤੇ ਹੁਣ 3 ਵਿਅਕਤੀ ਤੇ 8 ਸਾਲ ਦਾ ਜਵਾਕ ਦੇ ਕੰਕਾਲ ਬਰਾਮਦ ਹੋਏ ਹਨ।

ਗੋਤਾਖੋਰ ਕਮਲਪ੍ਰੀਤ ਸੈਣੀ ਨੇ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਭਾਖੜਾ ਨਹਿਰ ਵਿਚ ਕਿਸੇ ਮ੍ਰਿਤਕ ਦੇਹ ਨੂੰ ਲੱਭ ਰਿਹਾ ਸੀ ਕਿ ਇਸ ਦੌਰਾਨ ਮੈਨੂੰ ਨਹਿਰ ਵਿਚੋਂ ਵੈਨ ਬਰਾਮਦ ਹੋਈ ਪਰ ਜਦੋਂ ਇਸ ਬਾਰੇ ਮੈਂ ਆਸ-ਪਾਸ ਦੇ ਦੁਕਾਨਦਾਰਾਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਵੈਨ ਸੰਨ 2000 ਵਿਚ ਪਿੰਡ ਕੋਟਲਾ ਦੇ ਰਹਿਣ ਵਾਲਿਆਂ ਦੀ ਹੈ। ਫਿਰ ਜਦੋਂ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਇਸ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਭਾਖੜਾ ਨਹਿਰ ਵਿਚ 3 ਵਿਅਕਤੀਆਂ ਸਣੇ ਇਕ ਬੱਚਾ ਜੋ ਕਿ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਗਏ ਸਨ ਤੇ ਪ੍ਰੋਗਰਾਮ ਮਗਰੋਂ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਨਹਿਰ ਵਿਚ ਡਿੱਗ ਗਈ। ਉਸ ਸਮੇਂ ਗੋਤਾਖੋਰਾਂ ਵੱਲੋਂ 8 ਦਿਨਾਂ ਤਕ ਸਰਚ ਆਪ੍ਰੇਸ਼ਨ ਚਲਾਇਆ ਗਿਆ ਪਰ ਉਨ੍ਹਾਂ ਨੂੰ ਕੋਈ ਵੀ ਮ੍ਰਿਤਕ ਦੇਹ ਜਾਂ ਗੱਡੀ ਬਰਾਮਦ ਨਹੀਂ ਹੋਈ ਤੇ ਵੱਖ-ਵੱਖ ਪ੍ਰਾਈਵੇਟ ਟੀਮਾਂ ਨੂੰ ਵੀ ਬੁਲਾਇਆ ਗਿਆ ਸੀ ਪਰ ਫਿਰ ਵੀ ਕੁਝ ਬਰਾਮਦ ਨਹੀਂ ਹੋਇਆ ਸੀ।

ਨਾਲ ਹੀ ਕਲਮਪ੍ਰੀਤ ਨੇ ਦੱਸਿਆ ਕਿ ਉਸ ਸਮੇਂ ਹਾਦਸਾ ਬਹੁਤ ਹੀ ਦਰਦਨਾਕ ਵਾਪਰਿਆ ਸੀ। ਕੋਈ ਵੀ ਵਿਅਕਤੀ ਉਸ ਮੌਕੇ ਵੈਨ ਵਿਚੋਂ ਬਾਹਰ ਨਹੀਂ ਨਿਕਲ ਸਕਿਆ ਸੀ ਤੇ ਉਨ੍ਹਾਂ ਦੀ ਮੌਤ ਗੱਡੀ ਦੇ ਵਿਚ ਹੀ ਹੋ ਚੁੱਕੀ ਸੀ ਤੇ ਇਸ ਮਗਰੋਂ 10-12 ਸਾਲ ਬਾਅਦ ਜਦੋਂ ਕਾਰ ਵੀ ਗਲ-ਸੜ ਗਈ ਤੇ ਕਾਰ ਦੀ ਅਗਲੀ ਸੀਟ ‘ਤੇ ਬੈਠੇ ਵਿਅਕਤੀ ਤੇ ਇਕ ਬੱਚਾ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੀ ਗੋਦੀ ਵਿਚ ਬਿਠਾਇਆ ਹੋਇਆ ਸੀ, ਹੌਲੀ-ਹੌਲੀ ਉਨ੍ਹਾਂ ਦੀ ਚਮੜੀ ਖੁਰ ਗਈ ਤੇ ਹੁਣ ਉਨ੍ਹਾਂ ਦੀਆਂ ਹੱਡੀਆਂ ਸੀਟਾਂ ‘ਤੇ ਕੱਪੜਿਆਂ ਸਣੇ ਡਿੱਗ ਗਈਆਂ। ਬੱਚੇ ਦੀਆਂ ਸਿਰਫ ਚੱਪਲਾਂ ਹੀ ਬਰਾਮਦ ਹੋ ਸਕੀਆਂ ਹਨ।